ਭਾਰਤ ਦੀ ਪਾਕਿ ਤੋਂ ਪਹਿਲਾਂ ਹਾਂਗਕਾਂਗ ਨਾਲ ਟੱਕਰ ਅੱਜ

ਦੁਬਈ – ਭਾਰਤੀ ਟੀਮ ਹਾਂਗਕਾਂਗ ਖ਼ਿਲਾਫ਼ ਮੰਗਲਵਾਰ ਨੂੰ ਹੋਣ ਵਾਲੇ ਏਸ਼ੀਆ ਕੱਪ ਦੇ ਆਪਣੇ ਪਹਿਲੇ ਮੈਚ ਨੂੰ ਅਭਿਆਸ ਦੀ ਤਰ੍ਹਾਂ ਲਵੇਗੀ ਤਾਂ ਕਿ ਅਗਲੇ ਦਿਨ ਪਾਕਿਸਤਾਨ ਖ਼ਿਲਾਫ਼ ਮੁਕਾਬਲੇ ਲਈ ਉਹ ਪੂਰੀ ਤਰ੍ਹਾਂ ਤਿਆਰ ਰਹਿ ਸਕੇ। ਭਾਰਤ ਨੇ ਏਸ਼ੀਆ ਕੱਪ ਦੌਰਾਨ ਲਗਾਤਾਰ ਦੋ ਦਿਨਾਂ ਵਿੱਚ ਦੋ ਮੈਚ ਖੇਡਣੇ ਹਨ। ਪਾਕਿਸਤਾਨ ਨੇ ਕੱਲ੍ਹ ਹਾਂਗਕਾਂਗ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਆਪਣਾ ਅਭਿਆਸ ਪੂਰਾ ਕਰ ਲਿਆ ਹੈ ਅਤੇ ਹੁਣ ਭਾਰਤ ਦੀ ਵਾਰੀ ਹੈ। ਪਾਕਿਸਤਾਨ ਨੇ ਗਰੁੱਪ ‘ਏ’ ਮੈਚ ਵਿੱਚ ਹਾਗਕਾਂਗ ਨੂੰ 37.1 ਓਵਰਾਂ ਵਿੱਚ ਸਿਰਫ਼ 116 ਦੌੜਾਂ ’ਤੇ ਢੇਰ ਕਰਨ ਮਗਰੋਂ 23.4 ਓਵਰਾਂ ਵਿੱਚ ਦੋ ਵਿਕਟਾਂ ਪਿੱਛੇ 120 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕਰ ਲਈ ਸੀ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਭਾਰਤ ਦਾ ਹਾਂਗਕਾਂਗ ’ਤੇ ਜਿੱਤ ਦਾ ਕੀ ਅੰਤਰ ਰਹਿੰਦਾ ਹੈ। ਭਾਰਤੀ ਟੀਮ ਕਪਤਾਨ ਵਿਰਾਟ ਕੋਹਲੀ ਤੋਂ ਬਿਨਾਂ ਏਸ਼ੀਆ ਕੱਪ ਵਿੱਚ ਉਤਰ ਰਹੀ ਹੈ। ਟੀਮ ਦੀ ਕਮਾਨ ਇੱਕ ਰੋਜ਼ਾ ਵਿੱਚ ਤਿੰਨ ਦੋਹਰੇ ਸੈਂਕੜੇ ਮਾਰਨ ਵਾਲੇ ਰੋਹਿਤ ਸ਼ਰਮਾ ਦੇ ਹੱਥਾਂ ਵਿੱਚ ਹੈ। ਰੋਹਿਤ ਇੰਗਲੈਂਡ ਵਿੱਚ ਟੈਸਟ ਲੜੀ ਦਾ ਹਿੱਸਾ ਨਹੀਂ ਸੀ ਅਤੇ ਉਹ ਇੰਗਲੈਂਡ ਵਿੱਚ ਸੀਮਤ ਓਵਰਾਂ ਦੀ ਲੜੀ ਖੇਡਣ ਮਗਰੋਂ ਭਾਰਤ ਪਰਤ ਆਇਆ ਸੀ। ਰੋਹਿਤ ਨਾਲ ਸਲਾਮੀ ਬੱਲੇਬਾਜ਼ ਵਜੋਂ ਸ਼ਿਖਰ ਧਵਨ ਰਹੇਗਾ, ਜੋ ਟੈਸਟ ਲੜੀ ਵਿੱਚ ਜੂਝਦਾ ਨਜ਼ਰ ਆਇਆ ਸੀ। ਇੱਥੇ ਉਸ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਉਹ ਬਿਹਤਰ ਬੱਲੇਬਾਜ਼ੀ ਕਰੇ। ਭਾਰਤ ਹਾਲਾਂਕਿ ਇਸ ਮੈਚ ਨੂੰ ਅਭਿਆਸ ਮੈਚ ਦੀ ਤਰ੍ਹਾਂ ਲਵੇਗਾ, ਪਰ ਭਾਰਤ ਓਹੀ ਟੀਮ ਉਤਾਰੇਗਾ, ਜਿਸ ਨੇ ਅਗਲੇ ਦਿਨ ਪਾਕਿਸਤਾਨ ਨਾਲ ਖੇਡਣਾ ਹੈ। ਭਾਰਤ ਨੂੰ ਤੀਜੇ ਨੰਬਰ ’ਤੇ ਵਿਰਾਟ ਦੀ ਘਾਟ ਜ਼ਰੂਰ ਰੜਕੇਗੀ। ਵਿਰਾਟ ਦੀ ਗ਼ੈਰ-ਮੌਜੂਦਗੀ ਵਿੱਚ ਅੰਬਾਤੀ ਰਾਇਡੂ ਤੀਜੇ ਨੰਬਰ ’ਤੇ ਉਤਰ ਸਕਦਾ ਹੈ। ਚੌਥੇ ਨੰਬਰ ’ਤੇ ਦਿਨੇਸ਼ ਕਾਰਤਿਕ, ਜਦੋਂਕਿ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਪੰਜਵੇਂ ਨੰਬਰ ’ਤੇ ਬੱਲੇਬਾਜ਼ੀ ਲਈ ਆ ਸਕਦਾ ਹੈ। ਇਸ ਟੂਰਨਾਮੈਂਟ ਦੌਰਾਨ ਧੋਨੀ ਦੀ ਬੱਲੇਬਾਜ਼ੀ ’ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ ਕਿਉਂਕਿ ਅਜੇ ਤੱਕ ਇਹੀ ਮੰਨਿਆ ਜਾ ਰਿਹਾ ਹੈ ਕਿ ਧੋਨੀ ਅਗਲਾ ਵਿਸ਼ਵ ਕੱਪ ਖੇਡੇਗਾ।

VIA PUNJAB