ਭਾਰਤ ਦੀ ਸੈਮੀ-ਫਾਈਨਲ ਲਈ ਉਜ਼ਬੇਕਿਸਤਾਨ ਨਾਲ ਟੱਕਰ ਅੱਜ

ਭੁਬਨੇਸ਼ਵਰ – ਭਾਰਤ ਆਪਣੇ ਤੋਂ ਘੱਟ ਰੈਂਕਿੰਗ ਵਾਲੇ ਉਜ਼ਬੇਕਿਸਤਾਨ ਖ਼ਿਲਾਫ਼ ਸੋਮਵਾਰ ਨੂੰ ਇੱਥੇ ਹੋਣ ਵਾਲੇ ਮੈਚ ਵਿੱਚ ਵੱਡੀ ਜਿੱਤ ਦਰਜ ਕਰਕੇ ਐਫਆਈਐਚ ਸੀਰੀਜ਼ ਫਾਈਨਲਜ਼ ਹਾਕੀ ਟੂਰਨਾਮੈਂਟ ਦੇ ਸੈਮੀ-ਫਾਈਨਲ ਵਿੱਚ ਥਾਂ ਪੱਕੀ ਕਰਨ ਦੇ ਇਰਾਦੇ ਨਾਲ ਉਤਰੇਗਾ। ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਰੂਸ ਨੂੰ 10-0 ਗੋਲਾਂ ਦੀ ਤਕੜੀ ਹਾਰ ਦੇਣ ਮਗਰੋਂ ਵਿਸ਼ਵ ਵਿੱਚ ਪੰਜਵੇਂ ਨੰਬਰ ਦੀ ਭਾਰਤੀ ਟੀਮ ਨੇ 21ਵੀਂ ਰੈਂਕਿੰਗ ਵਾਲੀ ਪੋਲੈਂਡ ਨੂੰ 2-1 ਗੋਲਾਂ ਨਾਲ ਹਰਾਇਆ ਸੀ। ਭਾਰਤ ਹੁਣ ਪੂਲ ‘ਏ’ ਵਿੱਚ ਚੋਟੀ ’ਤੇ ਕਾਬਜ਼ ਹੈ ਅਤੇ ਉਸ ਦੀ ਸੈਮੀ-ਫਾਈਨਲ ਥਾਂ ਲਗਪਗ ਪੱਕੀ ਲੱਗ ਰਹੀ ਹੈ ਕਿਉਂਕਿ ਉਸ ਦਾ ਗੋਲ ਫ਼ਰਕ ਕਾਫ਼ੀ ਹੈ। ਹਾਲਾਂਕਿ ਭਾਰਤ ਪੂਲ ‘ਏ’ ਦੇ ਆਖ਼ਰੀ ਲੀਗ ਮੈਚ ਵਿੱਚ ਵਿਸ਼ਵ ਦੀ 43ਵੇਂ ਨੰਬਰ ਦੀ ਉਜ਼ਬੇਕਿਸਤਾਨ ਨੂੰ ਕਮਜ਼ੋਰ ਸਮਝਣ ਦੀ ਗ਼ਲਤੀ ਨਹੀਂ ਕਰੇਗਾ ਕਿਉਂਕਿ ਇਸ ਟੂਰਨਾਮੈਂਟ ਤੋਂ ਦੋ ਟੀਮਾਂ ਅਕਤੂਬਰ-ਨਵੰਬਰ ਵਿੱਚ ਹੋਣ ਵਾਲੇ ਐਫਆਈਐਚ ਓਲੰਪਿਕ ਕੁਆਲੀਫਾਇਰਜ਼ ਵਿੱਚ ਥਾਂ ਬਣਾਉਣਗੀਆਂ। ਭਾਰਤੀ ਕੋਚ ਗਰਾਹਮ ਰੀਡ ਨੇ ਕਿਹਾ, ‘‘ਵਿਸ਼ਵ ਰੈਂਕਿੰਗ ਮਾਅਨੇ ਨਹੀਂ ਰੱਖਦੀ ਕਿਉਂਕਿ ਟੀਮਾਂ ਵਿਚਾਲੇ ਫ਼ਰਕ ਬਹੁਤ ਘੱਟ ਹੈ। ਰੈਂਕਿੰਗ ਸਿਰਫ਼ ਕੌਮਾਂਤਰੀ ਹਾਕੀ ਫੈਡਰੇਸ਼ਨ (ਐਫਆਈਐਚ) ਵੱਲੋਂ ਟੀਮ ਨੂੰ ਤਰਤੀਬਬੱਧ ਰੱਖਣ ਦਾ ਇੱਕ ਢੰਗ ਹੈ।’’ ਰੂਸ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਪੋਲੈਂਡ ’ਤੇ ਟੀਮ ਪ੍ਰਭਾਵ ਛੱਡਣ ਵਿੱਚ ਨਾਕਾਮ ਰਹੀ ਹੈ। ਟੀਮ ਨੂੰ ਕੁੱਝ ਖੇਤਰਾਂ ਵਿੱਚ ਲਗਾਤਾਰਤਾ ਬਣਾਈ ਰੱਖਣ ਦੀ ਲੋੜ ਹੈ, ਜਿਸ ਨੂੰ ਟੀਮ ਨੂੰ ਛੇਤੀ ਤੋਂ ਛੇਤੀ ਹਾਸਲ ਕਰਨਾ ਹੋਵੇਗਾ। ਪੋਲੈਂਡ ਖ਼ਿਲਾਫ਼ ਭਾਰਤ ਨੇ ਗੋਲ ਕਰਨ ਦੇ ਕਈ ਮੌਕੇ ਬਣਾਏ, ਪਰ ਫਾਰਵਰਡ ਖਿਡਾਰੀ ਗੋਲ ਕਰਨ ਵਿੱਚ ਅਸਫਲ ਰਹੇ। ਰੀਡ ਨੇ ਪਹਿਲੇ ਦੋ ਮੈਚਾਂ ਵਿੱਚ ਆਪਣੇ ਗੋਲਕੀਪਰਾਂ ਪੀਆਰ ਸ੍ਰੀਜੇਸ਼ ਅਤੇ ਕ੍ਰਿਸ਼ਨਾ ਬਹਾਦਰ ਪਾਠਕ ਨੂੰ ਚਾਰ ਕੁਆਰਟਰ ਵਿੱਚ ਵਾਰੀ-ਵਾਰੀ ਉਤਾਰਿਆ। ਭਾਰਤ ਵੱਲੋਂ ਨੀਲਕਾਤ ਸ਼ਰਮਾ ਅਤੇ ਕਪਤਾਨ ਮਨਪ੍ਰੀਤ ਸਿੰਘ ਨੇ ਹੁਣ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ, ਪਰ ਸਟਰਾਈਕਰ ਦੀ ਲੈਅ ਉਸ ਦੇ ਲਈ ਫ਼ਿਕਰ ਵਾਲੀ ਗੱਲ ਹੈ। ਇਸ ਦੌਰਾਨ ਦਿਨ ਦੇ ਹੋਰ ਮੈਚਾਂ ਵਿੱਚ ਪੂਲ ‘ਬੀ’ ਵਿੱਚ ਅਮਰੀਕਾ ਦਾ ਸਾਹਮਣਾ ਏਸ਼ਿਆਈ ਖੇਡਾਂ ਦੇ ਚੈਂਪੀਅਨ ਜਾਪਾਨ ਨਾਲ ਜਦਕਿ ਦੱਖਣੀਅਫਰੀਕਾ ਦਾ ਮੈਕਿਸਕੋ ਨਾਲ ਹੋਵੇਗਾ।

VIA PUNJAB