ਮਹਿਲਾ ਕਮਿਸ਼ਨ ਨੇ ਟਿੱਪਣੀ ਬਾਰੇ ਕਮਲਨਾਥ ਤੋਂ ਜਵਾਬ ਮੰਗਿਆ

ਕੌਮੀ ਮਹਿਲਾ ਕਮਿਸ਼ਨ ਨੇ ਮੱਧ ਪ੍ਰਦੇਸ਼ ਦੀ ਮੰਤਰੀ ਇਮਰਤੀ ਦੇਵੀ ਖ਼ਿਲਾਫ਼ ਸਾਬਕਾ ਮੁੱਖ ਮੰਤਰੀ ਕਮਲਨਾਥ ਵੱਲੋਂ ਕਥਿਤ ਤੌਰ ’ਤੇ ‘ਆਈਟਮ’ ਵਾਲੀ ਟਿੱਪਣੀ ਕਰਨ ਦੇ ਮਾਮਲੇ ਵਿੱਚ ਅੱਜ ਜਵਾਬ ਮੰਗ ਲਿਆ ਹੈ। ਇਸ ਦੇ ਨਾਲ ਹੀ ਕਮਿਸ਼ਨ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਢੁਕਵੀਂ ਕਾਰਵਾਈ ਦੀ ਮੰਗ ਕੀਤੀ ਹੈ। ਕਮਿਸ਼ਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, ‘‘ਕਮਲਨਾਥ ਨੇ ਮੱਧ ਪ੍ਰਦੇਸ਼ ਦੇ ਡਾਬਰਾ ਵਿੱਚ ਇੱਕ ਰੈਲੀ ਦੌਰਾਨ ਮਹਿਲਾ ਮੰਤਰੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਕਮਿਸ਼ਨ ਇੱਕ ਆਗੂ ਵੱਲੋਂ ਦਿੱਤੇ ਗਏ ਇਸ ਗੈਰ-ਜ਼ਿੰਮੇਵਰਾਨਾ ਅਤੇ ਇਤਰਾਜ਼ਯੋਗ ਬਿਆਨ ਦੀ ਨਿਖੇਧੀ ਕਰਦਾ ਹੈ।’’ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜ਼ਰੂਰੀ ਕਾਰਵਾਈ ਲਈ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਡਾਬਰਾ ਵਿਧਾਨ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਦੌਰਾਨ ਕਮਲਨਾਥ ਨੇ ਐਤਵਾਰ ਨੂੰ ਕਾਂਗਰਸ ਉਮੀਦਵਾਰ ਨੂੰ ‘ਸਿੱਧਾ-ਸਾਦਾ’ ਅਤੇ ਉਸ ਖ਼ਿਲਾਫ਼ ਖੜ੍ਹੀ ਭਾਜਪਾ ਉਮੀਦਵਾਰ ਇਮਰਤੀ ਦੇਵੀ ਨੂੰ ਕਥਿਤ ਤੌਰ ’ਤੇ ‘ਆਈਟਮ’ ਕਿਹਾ ਸੀ।

VIA PUNJAB