ਮਾੜੇ ਇਰਾਦਿਆਂ ਵਾਲੇ ਪੈਦਾ ਕਰ ਰਹੇ ਨੇ ਭੈਅ ਦਾ ਮਾਹੌਲ: ਰਾਜਨਾਥ

ਨਵੀਂ ਦਿੱਲੀ – ਸਰਕਾਰ ਨੇ ਅੱਜ ਕਿਹਾ ਹੈ ਕਿ ਅਸਾਮ ਵਿੱਚ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਮੁੱਦੇ ਉੱਤੇ ਮਾੜੇ ਇਰਾਦਿਆਂ ਵਾਲੇ ਲੋਕ ਸੋਸ਼ਲ ਮੀਡੀਆ ਉੱਤੇ ਫਿਰਕੂ ਅਸਹਿਣਸ਼ੀਲਤਾ ਅਤੇ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ। ਸਰਕਾਰ ਨੇ ਕਿਹਾ ਹੈ ਕਿ ਇਸ ਨੂੰ ਅੰਤਿਮ ਰੂਪ ਦੇਣ ਵਿੱਚ ਕਿਸੇ ਪ੍ਰਕਾਰ ਦੀ ਵਿਤਕਰੇਬਾਜ਼ੀ ਨਹੀਂ ਹੋ ਰਹੀ। ਰਾਜ ਸਭਾ ਵਿੱਚ ਕੌਮੀ ਨਾਗਰਿਕਤਾ ਰਜਿਸਟਰ ਲਈ ਸਮਾਂ ਥੋੜ੍ਹਾ ਦਿੱਤਾ ਜਾਣ ਬਾਰੇ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਯਕੀਨ ਦਿਵਾਇਆ ਕਿ ਕਿਸੇ ਵੀ ਭਾਰਤੀ ਨਾਗਰਿਕ ਦਾ ਨਾਂਅ ਰਜਿਸਟਰ ਵਿੱਚ ਦਰਜ ਹੋਣ ਤੋਂ ਰਹਿਣ ਨਹੀਂ ਦਿੱਤਾ ਜਾਵੇਗਾ। ਸਾਰੀ ਪ੍ਰਕਿਰਿਆ ਪੂਰੀ ਤਰ੍ਹਾਂ ਨਿਰਪੱਖ ਅਤੇ ਪਾਰਦਰਸ਼ੀ ਹੈ। ਅਸਾਮ ਨਾਗਰਿਕਤਾ ਰਜਿਸਟਰ ਵਿੱਚ 40 ਲੱਖ ਲੋਕਾਂ ਦਾ ਨਾਂਅ ਦਰਜ ਹੋਣ ਤੋਂ ਬਾਹਰ ਰਹਿ ਜਾਣ ਕਾਰਨ ਇਹ ਵੱਡਾ ਰਾਜਸੀ ਮੁੱਦਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਰਾਜਾਂ ਨੂੰ ਅਮਨ, ਭਾਈਚਾਰਕ ਸ਼ਾਂਤੀ ਬਣਾਈ ਰੱਖਣ ਦੇ ਲਈ ਕੇਂਦਰੀ ਸੁਰੱਖਿਆ ਬਲ ਮੁਹੱਈਆਂ ਕਰਵਾਏਗਾ। ਸ੍ਰੀ ਰਾਜਨਾਥ ਸਿੰਘ ਨੇ ਰਾਜ ਸਭਾ ਵਿੱਚ ਅਸਾਮ ਨਾਗਰਿਕਤਾ ਰਜਿਸਟਰ ਦੇ ਇਤਿਹਾਸ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਰੀ ਪ੍ਰਕਿਰਿਆ ਪੂਰੀ ਤਰ੍ਹਾਂ ਨਿਰਪੱਖ ਹੈ ਅਤੇ ਕਿਸੇ ਦੇ ਨਾਲ ਵੀ ਕਿਸੇ ਪ੍ਰਕਾਰ ਦਾ ਵਿਤਕਰਾ ਨਹੀਂ ਕੀਤਾ ਗਿਆ।

VIA PUNJAB