ਮਿਤਾਲੀ ਐਂਡ ਕੰਪਨੀ ਦੀਆਂ ਨਜ਼ਰਾਂ ਲੜੀ ਜਿੱਤਣ ਤੇ

ਮੁੰਬਈ – ਸ਼ੁਰੂਆਤੀ ਮੁਕਾਬਲੇ ‘ਚ ਮਨੋਬਲ ਵਧਾਉਣ ਵਾਲੀ ਜਿੱਤ ਨਾਲ ਆਤਮ-ਵਿਸ਼ਵਾਸ ਨਾਲ ਭਰੀ ਭਾਰਤੀ ਮਹਿਲਾ ਟੀਮ ਸੋਮਵਾਰ ਇਥੇ ਦੂਜੇ ਕ੍ਰਿਕਟ ਵਨ ਡੇ ‘ਚ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ ਹਰਾ ਕੇ ਤਿੰਨ ਮੈਚਾਂ ਦੀ ਲੜੀ ਆਪਣੇ ਨਾਂ ਕਰਨਾ ਚਾਹੇਗੀ। ਭਾਰਤੀ ਮਹਿਲਾ ਟੀਮ ਲੜੀ ਵਿਚ ਇਸ ਤੋਂ ਬਿਹਤਰ ਸ਼ੁਰੂਆਤ ਦੀ ਉਮੀਦ ਨਹੀਂ ਕਰ ਸਕਦੀ ਸੀ, ਜਦੋਂ ਉਸ ਨੇ ਸ਼ੁੱਕਰਵਾਰ ਵਾਨਖੇੜੇ ਸਟੇਡੀਅਮ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ 66 ਦੌੜਾਂ ਨਾਲ ਹਰਾਇਆ। ਇਸ ਜਿੱਤ ਨੇ ਉਸ ਦੇ ਮਨੋਬਲ ਵਿਚ ਹੀ ਵਾਧਾ ਨਹੀਂ ਕੀਤਾ ਸਗੋਂ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਵਿਚ ਦੋ ਅਹਿਮ ਅੰਕ ਵੀ ਦਿਵਾਏ, ਜਿਹੜੇ 2021 ਵਿਸ਼ਵ ਕੱਪ ਲਈ ਸਿੱਧੇ ਕੁਆਲੀਫਾਈ ਕਰਨ ਦੀ ਦੌੜ ਲਈ ਮਹੱਤਵਪੂਰਨ ਹੋਣਗੇ। ਭਾਰਤ ਨੂੰ 2020 ਤਕ ਵਿਸ਼ਵ ਰੈਂਕਿੰਗ ਵਿਚ ਟਾਪ-4 ਵਿਚ ਆਪਣਾ ਸਥਾਨ ਬਰਕਰਾਰ ਰੱਖਣਾ ਪਵੇਗਾ, ਜਿਸ ਨਾਲ ਟੀਮ 2021 ਵਿਸ਼ਵ ਕੱਪ ਲਈ ਸਿੱਧੇ ਪ੍ਰਵੇਸ਼ ਕਰ ਲਵੇਗੀ ਤੇ ਇਸ ਕੜੀ ਵਿਚ ਸੋਮਵਾਰ ਲਗਾਤਾਰ ਜਿੱਤ ਮਿਤਾਲੀ ਐਂਡ ਕੰਪਨੀ ਲਈ ਚੰਗੀ ਸਾਬਤ ਹੋਵੇਗੀ। ਪਿਛਲੇ ਮੈਚ ਵਿਚ ਮੇਜ਼ਬਾਨ ਟੀਮ ਲਈ ਖੱਬੇ ਹੱਥ ਦੀ ਸਪਿਨਰ ਏਕਤਾ ਬਿਸ਼ਟ ਦੀ ਅਗਵਾਈ ਵਾਲੀ ਗੇਂਦਬਾਜ਼ੀ ਇਕਾਈ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨੇ 25 ਦੌੜਾਂ ਦੇ ਕੇ 4 ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਨਾਲ ਭਾਰਤੀ ਸਪਿਨਰਾਂ ਨੇ ਇੰਗਲੈਂਡ ਨੂੰ ਕਿਤੇ ਵੀ ਮੌਕਾ ਨਹੀਂ ਦਿੱਤਾ ਤੇ ਉਸ ਦੀਆਂ ਬੱਲੇਬਾਜ਼ ਵਿਚਾਲੇ ਦੇ ਓਵਰਾਂ ਵਿਚ ਜੂਝਦੀਆਂ ਦਿਸੀਆਂ ਸਨ।

VIA PUNJAB