ਰੂਟ ਦੇ ਸੈਂਕੜੇ ਨਾਲ ਇੰਗਲੈਂਡ ਨੇ ਤੀਜੇ ਟੈਸਟ ਉੱਤੇ ਸ਼ਿਕੰਜਾ ਕੱਸਿਆ

ਗਰੌਸ ਆਈਲੈੱਟ – ਜੋਅ ਰੂਟ ਦੇ 16ਵੇਂ ਟੈਸਟ ਸੈਂਕੜੇ ਦੀ ਮੱਦਦ ਨਾਲ ਇੰਗਲੈਂਡ ਨੇ ਤੀਜੇ ਅਤੇ ਆਖ਼ਰੀ ਕ੍ਰਿਕਟ ਟੈਸਟ ਦੇ ਤੀਜੇ ਦਿਨ ਵੈਸਟ ਇੰਡੀਜ਼ ਉੱਤੇ ਸਿਕੰਜਾ ਪੂਰੀ ਤਰ੍ਹਾਂ ਕੱਸ ਦਿੱਤਾ ਹੈ। ਰੂਟ ਨੇ 209 ਗੇਂਦਾਂ ਵਿਚ 9 ਚੌਕਿਆਂ ਦੀ ਮੱਦਦ ਨਾਲ ਨਾਬਾਦ 111 ਦੌੜਾਂ ਬਣਾਈਆਂ ਹਨ। ਇੰਗਲੈਂਡ ਨੇ ਦੂਜੀ ਪਾਰੀ ਵਿਚ ਚਾਰ ਵਿਕਟਾਂ ਉੱਤੇ 325 ਦੌੜਾਂ ਬਣਾ ਲਈਆਂ ਸਨ। ਹੁਣ ਉਸਦੇ ਕੋਲ 448 ਦੌੜਾਂ ਦੀ ਲੀਡ ਹੈ ਅਤੇ ਅਜੇ ਪੂਰੇ ਦੋ ਦਿਨ ਦੀ ਖੇਡ ਬਾਕੀ ਹੈ। ਵੈਸਟ ਇੰਡੀਜ਼ ਦੀ ਟੀਮ ਲੜੀ ਪਹਿਲਾਂ ਹੀ ਜਿੱਤ ਚੁੱਕੀ ਹੈ ਅਤੇ ਵਿੰਡੀਜ਼ ਪਹਿਲਾਂ ਹੀ 2-0 ਨਾਲ ਤਿੰਨ ਟੈਸਟ ਮੈਚਾਂ ਦੀ ਲੜੀ ਵਿਚ ਅੱਗੇ ਹੈ। ਇੰਗਲੈਂਡ ਇਸ ਟੈਸਟ ਨੂੰ ਜਿੱਤ ਕੇ ਆਪਣੇ ਵਕਾਰ ਦੀ ਬਹਾਲੀ ਲਈ ਖੇਡ ਰਿਹਾ ਹੈ। ਕੀਮੋਪਾਲ ਨੂੰ ਲੱਗੀ ਸੱਟ ਤੋਂ ਬਾਅਦ ਵੈਸਟ ਇੰਡੀਜ਼ ਦਾ ਗੇਂਦਬਾਜ਼ੀ ਹਮਲਾ ਗੜਬੜਾ ਗਿਆ ਸੀ ਅਤੇ ਇਸ ਦਾ ਇੰਗਲੈਂਡ ਨੇ ਪੂਰਾ ਫਾਇਦਾ ਉਠਾਇਆ ਹੈ। ਰੂਟ ਨੇ ਤੀਜੇ ਵਿਕਟ ਲਈ ਜੋ ਡੇਨਲੇ (69) ਦੇ ਨਾਲ 74 ਦੌੜਾਂ ਦੀ, ਚੌਥੇ ਵਿਕਟ ਦੇ ਲਈ ਜੋਸ ਬਟਲਰ (56) ਨਾਲ 107 ਦੌੜਾਂ ਦੀ ਅਤੇ ਪੰਜਵੇਂ ਵਿਕਟ ਦੇ ਲਈ ਬੇਨ ਸਟੋਕਸ (ਨਾਬਾਦ 29) ਦੇ ਹੁਣ ਤੱਕ 71 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰ ਲਈ ਹੈ। ਆਪਣੇ ਕੱਲ੍ਹ ਦੇ ਸਕੋਰ ਨੂੰ ਬਿਨਾਂ ਕਿਸੇ ਨੁਕਸਾਨ ਦੇ 19 ਦੌੜਾਂ ਤੋਂ ਅੱਗੇ ਖੇਡਦਿਆਂ ਇੰਗਲੈਂਡ ਨੇ ਸਿਰਫ ਚਾਰ ਵਿਕਟ ਗਵਾਏ। ਸਵੇਰੇ ਉਸਦਾ ਪਹਿਲਾ ਵਿਕਟ ਰੋਰੀ ਬਰਨਸ ਦੇ ਰੂਪ ਵਿਚ ਡਿਗਾ ਅਤੇ ਜੋ ਪਾਲ ਦੀ ਗੇਂਦ ਉੱਤੇ ਸਕੁਵੇਅਰ ਲੈੱਗ ਵਿਚ ਜੋਜ਼ਫ ਨੂੰ ਕੈਚ ਦੇ ਕੇ ਪਰਤਿਆ। ਪਾਲ ਨੂੰ ਪੈਰ ਦੇ ਵਿਚ ਸੱਟ ਕਾਰਨ ਮੈਦਾਨ ਛੱਡਣਾ ਪਿਆ। ਕੀਟੋਨ ਜੇਨਿੰਗਜ਼ 23 ਦੌੜਾਂ ਬਣਾ ਕੇ ਜੋਜ਼ਫ ਦਾ ਸ਼ਿਕਾਰ ਬਣੇ ਅਤੇ ਅਜਿਹਾ ਲੱਗ ਰਿਹਾ ਸੀ ਕਿ ਇੰਗਲੈਂਡ ਦਾ ਮੱਧਕ੍ਰਮ ਲੜਖੜਾ ਜਾਏਗਾ ਪਰ ਰੂਟ ਨੇ ਇਸ ਤੋਂ ਬਾਅਦ ਇਕ ਸਿਰੇ ਦਾ ਮੋਰਚਾ ਸੰਭਾਲ ਕੇ ਵਧੀਆ ਸਾਂਝੇਦਾਰੀਆਂ ਨਿਭਾਈਆਂ।

VIA PUNJAB