ਲੁਇਸਵਿਲੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਾਇਲਟ ਗ੍ਰਿਫਤਾਰ

ਵਾਸ਼ਿੰਗਟਨ – ਅਮਰੀਕਾ ਦੇ ਲੁਇਸਵਲੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕ ਪਾਇਲਟ ਨੂੰ 3 ਵਿਅਕਤੀਆਂ ਦੀ ਹੱਤਿਆ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ| ਜਿਸ ਸਮੇਂ ਪਾਇਲਟ ਦੀ ਗ੍ਰਿਫਤਾਰੀ ਹੋਈ ਉਸ ਸਮੇਂ ਯਾਤਰੀ ਜਹਾਜ਼ ਵਿਚ ਸਵਾਰ ਹੋਣ ਦੀ ਉਡੀਕ ਵਿਚ ਸਨ| ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਾ ਸ਼ਾਇਦ ਪਾਇਲਟ ਨੇ ਡਿਊਟੀ ਦੌਰਾਨ ਸ਼ਰਾਬ ਪੀਤੀ ਹੈ ਇਸ ਲਈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਸੱਚ ਜਾਣ ਕੇ ਉਹ ਵੀ ਹੈਰਾਨ ਰਹਿ ਗਏ| ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਪਾਇਲਟ ਰਿਚਰਡ ਮਾਰਟੀਨ (51) ਨੂੰ 3 ਵਿਅਕਤੀਆਂ ਦੀ ਹੱਤਿਆ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ| ਕੈਂਟਕੀ ਦੇ ਅਟਾਰਨੀ ਜਨਰਲ ਐਂਡੀ ਬੇਸ਼ੀਅਰ ਨੇ ਕਿਹਾ ਕਿ ਮਾਰਟੀਨ 3 ਵਿਅਕਤੀਆਂ ਕਾਲਵਿਨ, ਪਮੇਲਾ ਫਿਲੀਪਸ ਅਤੇ ਐਡਵਰਡ ਦੀਆਂ ਹੱਤਿਆਵਾਂ ਵਿਚ ਸ਼ਾਮਲ ਸੀ| ਇਹ ਸਾਰੇ 2015 ਵਿਚ ਕੈਂਟਕੀ ਦੇ ਪੇਂਬਰੋਕ ਵਿਚ ਮ੍ਰਿਤਕ ਪਾਏ ਗਏ ਸਨ| ਮਾਰਟੀਨ ਪੀ. ਐਸ. ਏ. ਏਅਰਲਾਈਨਜ਼ ਵਿਚ ਪਾਇਲਟ ਹੈ ਜਿਸ ਤੇ ਤਿੰਨ ਹੱਤਿਆਵਾਂ ਦੇ ਇਲਾਵਾ ਚੋਰੀ, ਅੱਗਜਨੀ ਅਤੇ ਛੇੜਛਾੜ ਕਰਨ ਦਾ ਵੀ ਦੋਸ਼ ਹੈ| ਪੀ. ਐਸ. ਏ. ਏਅਰਲਾਈਨਜ਼ ਅਮਰੀਕੀ ਏਅਰਲਾਈਨਜ਼ ਦੀ ਸਹਿਯੋਗੀ ਹੈ| ਅਮਰੀਕੀ ਏਅਰਲਾਈਨਜ਼ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਮਾਰਟੀਨ ਤੇ ਲੱਗੇ ਕਥਿਤ ਦੋਸ਼ਾਂ ਦੇ ਬਾਰੇ ਵਿੱਚ ਜਾਣ ਕੇ ਦੁਖੀ ਹੈ| ਮਾਰਟੀਨ ਜਨਵਰੀ 2018 ਤੋਂ ਪੀ. ਐਸ. ਏ. ਏਅਰਲਾਈਨਜ਼ ਨਾਲ ਕੰਮ ਕਰ ਰਿਹਾ ਹੈ| ਏਅਰਲਾਈਨ ਦਾ ਕਹਿਣਾ ਹੈ ਕਿ ਤਾਇਨਾਤੀ ਸਮੇਂ ਦੋਸ਼ੀ ਪਾਇਲਟ ਦੀ ਪਿੱਠਭੂਮੀ ਦੀ ਜਾਂਚ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਮਿਲੀ|

VIA PUNJAB