ਸ਼ਾਹ ਨੇ ਸੀਆਰਪੀਐੱਫ ਸਥਾਪਨਾ ਦਿਵਸ ਦੀ ਵਧਾਈ ਦਿੱਤੀ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸੀਆਰਪੀਐੱਫ ਦੇ 81ਵੇਂ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਪੈਰਾਮਿਲਟਰੀ ਫੋਰਸ ਦਾ ਜਜ਼ਬਾ ਬੇਮਿਸਾਲ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਭਾਰਤ ਨੂੰ ਸੀਆਰਪੀਐੱਫ ਦੇ ਜਵਾਨਾਂ ਦੀ ਬਹਾਦਰੀ ’ਤੇ ਮਾਣ ਹੈ। ਉਨ੍ਹਾਂ ਟਵੀਟ ਕਰਕੇ ਸੀਆਰਪੀਐੱਫ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਵਾਨ ਦੇਸ਼ ਦੇ ਵੱਖ ਵੱਖ ਖਿੱਤਿਆਂ ਵਿਚ ਦੇਸ਼ ਦੀ ਰਾਖੀ ਲਈ ਆਪਾ ਵਾਰ ਰਹੇ ਹਨ। ਨਵੀਂ ਦਿੱਲੀ ਦੇ ਕੌਮੀ ਪੁਲੀਸ ਮੈਮੋਰੀਅਲ ਵਿਚ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਜਵਾਨਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਤੇ ਦੇਸ਼ ਦੇ ਹੋਰ ਖਿੱਤਿਆਂ ਵਿਚ ਚੁਣੌਤੀਆਂ ਦੇ ਬਾਵਜੂਦ ਇਹ ਜਵਾਨ ਬਹਾਦਰੀ ਨਾਲ ਡਿਊਟੀ ਕਰ ਰਹੇ ਹਨ। ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਆਰ ਆਰ ਭਟਨਾਗਰ ਨੇ ਕੇਂਦਰੀ ਮੰਤਰੀ ਨੂੰ ਸੀਆਰਪੀਐੱਫ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਜ਼ਿਕਰਯੋਗ ਹੈ ਕਿ ਇਹ ਸੈਨਾ ਬਲ ਸਾਲ 1939 ਦੌਰਾਨ ਹੋਂਦ ਵਿਚ ਆਇਆ ਸੀ ਤੇ 1949 ਵਿਚ ਸੀਆਰਪੀਐੱਫ ਐਕਟ ਬਣਨ ਤੋਂ ਬਾਅਦ ਇਸ ਦਾ ਨਾਂ ਸੈਂਟਰਲ ਰਿਜ਼ਰਵ ਪੁਲੀਸ ਫੋਰਸ ਹੋ ਗਿਆ ਸੀ।

VIA PUNJAB