ਸ਼ਾਰਦਾ ਚਿਟਫੰਡ ਸੁਪਰੀਮ ਕੋਰਟ ਨੇ ਰਾਜੀਵ ਕੁਮਾਰ ਦੀ ਗ੍ਰਿਫਤਾਰੀ ਤੋਂ ਰੋਕ ਹਟਾਈ, 7 ਦਿਨਾਂ ਦੀ ਮੋਹਲਤ ਦਿੱਤੀ

ਨਵੀਂ ਦਿੱਲੀ –  ਸੁਪਰੀਮ ਕੋਰਟ ਨੇ ਸ਼ਾਰਦਾ ਚਿਟ ਫੰਡ ਘਪਲੇ ਮਾਮਲੇ ਵਿੱਚ ਪੱਛਮੀ ਬੰਗਾਲ ਦੇ ਆਈ.ਪੀ.ਐਸ. ਅਧਿਕਾਰੀ ਰਾਜੀਵ ਕੁਮਾਰ ਦੀ ਗ੍ਰਿਫਤਾਰੀ ਤੇ ਲੱਗੀ ਰੋਕ ਹਟਾ ਦਿੱਤੀ ਹੈ| ਇਸ ਮਾਮਲੇ ਵਿੱਚ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਸੀ.ਬੀ.ਆਈ.ਆਪਣਾ ਕੰਮ ਕਰ ਸਕਦੀ ਹੈ| ਹਾਲਾਂਕਿ ਸੁਪਰੀਮ ਕੋਰਟ ਦਾ ਇਹ ਫੈਸਲਾ 7 ਦਿਨ ਬਾਅਦ ਲਾਗੂ ਹੋਵੇਗਾ| ਇਸ ਦੌਰਾਨ ਰਾਜੀਵ ਕੁਮਾਰ ਆਪਣੇ ਵਲੋਂ ਕਾਨੂੰਨੀ ਕਦਮ ਚੁੱਕਣ ਲਈ ਆਜ਼ਾਦ ਹਨ| ਇਹ ਫੈਸਲਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲਈ ਕਰਾਰਾ ਝਟਕਾ ਹੈ, ਜੋ ਇਸ ਪੂਰੇ ਮਾਮਲੇ ਨੂੰ ਕੇਂਦਰ ਦੀ ਸਾਜਿਸ਼ ਦੱਸ ਰਹੀ ਹੈ| ਸੁਪਰੀਮ ਕੋਰਟ ਨੇ ਕਿਹਾ ਕਿ ਉਸ ਦਾ ਇਹ ਆਦੇਸ਼ 7 ਦਿਨ ਬਾਅਦ ਲਾਗੂ ਹੋਵੇਗਾ| ਉਦੋਂ ਤੱਕ ਸਾਬਕਾ ਪੁਲੀਸ ਕਮਿਸ਼ਨਰ ਰਾਜੀਵ ਕੁਮਾਰ ਦੀ ਗ੍ਰਿਫਤਾਰੀ ਨਹੀਂ ਹੋਵੇਗੀ| ਉਸ ਤੋਂ ਬਾਅਦ ਸੀ.ਬੀ.ਆਈ. ਰਾਜੀਵ ਕੁਮਾਰ ਨੂੰ ਗ੍ਰਿਫਤਾਰ ਕਰ ਸਕਦੀ ਹੈ| ਸੁਪਰੀਮ ਕੋਰਟ ਨੇ ਕਿਹਾ ਕਿ ਇਨ੍ਹਾਂ 7 ਦਿਨਾਂ ਦੀ ਮਿਆਦ ਵਿੱਚ ਕੁਮਾਰ ਚਾਹੁਣ ਤਾਂ ਆਪਣੇ ਲਈ ਜ਼ਮਾਨਤ ਦੀ ਅਰਜ਼ੀ ਕੋਰਟ ਵਿੱਚ ਦਾਇਰ ਕਰ ਸਕਦੇ ਹਨ| ਦੱਸਣਯੋਗ ਹੈ ਕਿ ਕੋਲਕਾਤਾ ਦੇ ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਤੇ ਕਰੋੜ ਰੁਪਏ ਦੇ ਸਾਰਦਾ ਚਿਟਫੰਡ ਘਪਲੇ ਦੇ ਸਬੂਤਾਂ ਨੂੰ ਮਿਟਾਉਣ ਦਾ ਦੋਸ਼ ਹੈ| ਸੀ.ਬੀ.ਆਈ.ਦਾ ਦੋਸ਼ ਹੈ ਕਿ ਤਾਕਤਵਰ ਨੇਤਾਵਾਂ ਨੂੰ ਬਚਾਉਣ ਲਈ ਕੁਮਾਰ ਨੇ ਘਪਲੇ ਨਾਲ ਜੁੜੇ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ ਕੀਤੀ ਸੀ| ਸੀ.ਬੀ.ਆਈ. ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਰਾਜੀਵ ਕੁਮਾਰ ਨੂੰ ਗ੍ਰਿਫਤਾਰ ਕਰਕੇ ਪੁੱਛ-ਗਿੱਛ ਦੀ ਮਨਜ਼ੂਰੀ ਮੰਗੀ ਸੀ| ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਚਿਟ ਫੰਡ ਘੋਟਾਲੇ ਦੀ ਜਾਂਚ ਦੀ ਤਰੱਕੀ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ ਹੈ| ਕੋਰਟ ਨੇ ਕਿਹਾ ਕਿ ਹੁਣ ਤੱਕ ਇਸ ਮਾਮਲੇ ਦੀ ਜਿਸ ਤਰ੍ਹਾਂ ਜਾਂਚ ਅੱਗੇ ਵਧੀ ਹੈ,ਉਹ ਸੰਤੋਸ਼ਜਨਕ ਨਹੀਂ ਹੈ|

VIA PUNJAB