ਸਾਨੂੰ ਦਿਖਾਉਣ ਲਈ ਉੱਤਰੀ ਕੋਰੀਆ ਨੇ ਨਹੀਂ ਕੀਤਾ ਪ੍ਰਮਾਣੂ ਹਥਿਆਰਾਂ ਦਾ ਪ੍ਰਦਰਸ਼ਨ : ਟਰੰਪ

ਵਾਸ਼ਿੰਗਟਨ – ਉੱਤਰੀ ਕੋਰੀਆ ਨੇ ਆਪਣੇ ਸਥਾਪਨਾ ਦਿਵਸ ‘ਤੇ 70ਵੀਂ ਵਰ੍ਹੇਗੰਢ ‘ਤੇ ਫੌਜੀ ਪਰੇਡ ਕੱਢੀ। ਇਸ ਵਿਚਾਲੇ ਹੈਰਾਨੀ ਵਾਲੀ ਗੱਲ ਇਹ ਸੀ ਕਿ ਹਮੇਸ਼ਾ ਆਪਣੀ ਤਾਕਤ ਦਿਖਾਉਣ ਵਾਲੇ ਉੱਤਰੀ ਕੋਰੀਆ ਨੇ ਇਸ ਖਾਸ ਦਿਨ ‘ਤੇ ਅੰਤਰ-ਮਹਾਦੀਪ ਬੈਲੇਸਟਿਕ ਮਿਜ਼ਾਈਲਾਂ ਦਾ ਪ੍ਰਦਰਸ਼ਨ ਨਹੀਂ ਕੀਤਾ। ਇਹ ਮਿਜ਼ਾਈਲਾਂ ਅਮਰੀਕਾ ਦੇ ਮੁੱਖ ਭੂ-ਭਾਗ ਤੱਕ ਮਾਤ ਪਾਉਣ ‘ਚ ਸਮਰੱਥ ਹਨ। ਪਿਓਂਗਯਾਂਗ ਦੇ ਮੱਧ ‘ਚ ਕਿਮ ਜੋਂਗ ਉਨ ਦੇ ਸਾਹਮਣੇ ਜਵਾਨਾਂ, ਤੋਪਾਂ ਅਤੇ ਟੈਂਕਾਂ ਦਾ ਪ੍ਰਦਰਸ਼ਨ ਕੀਤਾ ਗਿਆ ਪਰ ਕਿਸੇ ਪ੍ਰਕਾਰ ਦੇ ਪ੍ਰਮਾਣੂ ਹਥਿਆਰ ਦਾ ਸ਼ਕਤੀ ਪ੍ਰਦਰਸ਼ਨ ਨਹੀਂ ਕੀਤਾ ਗਿਆ। ਇਸ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕੀਤਾ ਹੈ। ਟਵੀਟ ‘ਚ ਟਰੰਪ ਨੇ ਆਖਿਆ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਨੇ ਅਜਿਹਾ ਟਰੰਪ ਨੂੰ ਦਿਖਾਉਣ ਲਈ ਕੀਤਾ। ਟਰੰਪ ਦਾ ਮੰਨਣਾ ਹੈ ਕਿ ਇਸ ਨਾਲ ਦੁਨੀਆ ‘ਚ ਕਾਫੀ ਸਕਾਰਾਤਮਕ ਸੰਦੇਸ਼ ਜਾਵੇਗਾ। ਟਰੰਪ ਨੇ ਟਵੀਟ ‘ਚ ਲਿਖਿਆ, ‘ਉੱਤਰੀ ਕੋਰੀਆ ਨੇ ਅੱਜ ਆਪਣੇ 70ਵੇਂ ਸਥਾਪਨਾ ਦਿਵਸ ਦੀ ਪਰੇਡ ‘ਚ ਰਿਵਾਇਤੀ ਪ੍ਰਮਾਣੂ ਮਿਜ਼ਾਈਲਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਨੇ ਅਜਿਹਾ ਰਾਸ਼ਟਰਪਤੀ ਟਰੰਪ ਨੂੰ ਦਿਖਾਉਣ ਲਈ ਕੀਤਾ ਹੈ।’ ਇਕ ਹੋਰ ਟਵੀਟ ‘ਚ ਰਾਸ਼ਟਰਪਤੀ ਟਰੰਪ ਨੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਦਾ ਧੰਨਵਾਦ ਵੀ ਕੀਤਾ ਅਤੇ ਆਖਿਆ ਕਿ ਉੱਤਰੀ ਕੋਰੀਆ ਵੱਲੋਂ ਇਹ ਕਾਫੀ ਸਕਾਰਾਤਮਕ ਸੰਦੇਸ਼ ਹੈ। ਧੰਨਵਾਦ ਚੇਅਰਮੈਨ ਕਿਮ ਜੋਂਗ। ਅਸੀਂ ਸਾਰਿਆਂ ਨੂੰ ਗਲਤ ਸਾਬਤ ਕਰਾਂਗੇ। 2 ਲੋਕ ਜੋ ਇਕ-ਦੂਜੇ ਨੂੰ ਬੇਹੱਦ ਪਸੰਦ ਕਰਦੇ ਹਨ ਉਨ੍ਹਾਂ ਵਿਚਾਲੇ ਹੋਈ ਚੰਗੀ ਗੱਲਬਾਤ ਤੋਂ ਬਿਹਤਰ ਕੁਝ ਵੀ ਨਹੀਂ। ਮੇਰੇ ਕਾਰਜਕਾਲ ਤੋਂ ਪਹਿਲਾਂ ਦੀ ਸਥਿਤੀ ਨਾਲ ਤੁਲਨਾ ‘ਚ ਇਹ ਕਾਫੀ ਬਿਹਤਰ ਹੈ।

VIA PUNJAB