ਹਾਲੇਪ ਨੂੰ ਹਰਾ ਕੇ ਸੇਰੇਨਾ ਕੁਆਰਟਰ ਫਾਈਨਲ ਵਿੱਚ

ਮੈਲਬਰਨ – ਸੇਰੇਨਾ ਵਿਲੀਅਮਜ਼ ਨੇ ਆਪਣੇ ਹਮਲਾਵਰ ਖੇਡ ਦਾ ਚੰਗਾ ਨਜ਼ਾਰਾ ਪੇਸ਼ ਕਰਕੇ ਸੋਮਵਾਰ ਨੂੰ ਇਥੇ ਨੰਬਰ ਇਕ ਖਿਡਾਰੀ ਸਿਮੋਨਾ ਹਾਲੇਪ ਨੂੰ ਹਰਾ ਕੇ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਲੇਕਿਨ ਪੁਰਸ਼ ਸਿੰਗਲਜ਼ ਵਿੱਚ ਅਲੇਕਸਾਂਦਰ ਜੇਵਰੇਵ ਨੂੰ ਬਾਹਰ ਦਾ ਰਸਤਾ ਦੇਖਣਾ ਪਿਆ। ਅਮਰੀਕੀ ਖਿਡਾਰੀ ਸੇਰੇਨਾ ਨੇ ਰੋਮਾਨੀਆ ਦੇ ਸਿਖਰਲਾ ਦਰਜਾ ਪ੍ਰਾਪਤ ਹਾਲੇਪ ਨੂੰ 6-1, 4-6, 6-4 ਨਾਲ ਹਰਾ ਕੇ ਮਾਰਗਰੇਟ ਕੋਰਟ ਦੇ ਰਿਕਾਰਡ 24ਵੇਂ ਗਰੈਂਡਸਲੈਮ ਖ਼ਿਤਾਬ ਦੀ ਬਰਾਬਰੀ ਕਰਨ ਵੱਲ ਕਦਮ ਵਧਾਇਆ। ਕੁਆਰਟਰ ਫਾਈਨਲ ਵਿੱਚ ਉਸ ਦਾ ਮੁਕਾਬਲਾ ਸੱਤਵਾਂ ਦਰਜਾ ਪ੍ਰਾਪਤ ਕਾਰੋਲੀਨਾ ਪਿਲੀਸਕੋਵਾ ਨਾਲ ਹੋਵੇਗਾ। ਚੈੱਕ ਗਣਰਾਜ ਦੀ ਪਿਲੀਸਕੋਵਾ ਨੇ ਦੋ ਵਾਰ ਗਰੈਂਡਸਲੈਮ ਚੈਂਪੀਅਨ ਗਰਬਾਈਨ ਮੁਗੁਰੂਜਾ ’ਤੇ 6-3, 6-1 ਨਾਲ ਆਸਾਨ ਜਿੱਤ ਦਰਜ ਕੀਤੀ ਸੀ। ਸੇਰੇਨਾ ਨੇ ਜਿੱਤ ਤੋਂ ਬਾਅਦ ਕਿਹਾ, ‘‘ਮੈਂ ਫਾਈਟਰ ਹਾਂ। ਮੈਂ ਕਦੇ ਹਾਰ ਨਹੀਂ ਮੰਨਦੀ।’’ ਪੁਰਸ਼ ਸਿੰਗਲਜ਼ ਵਿੱਚ ਜਰਮਨੀ ਦੀ ਚੌਥਾ ਦਰਜਾ ਪ੍ਰਾਪਤ ਜੇਵਰੇਵ ਨੂੰ ਕੈਨੇਡਾ ਦੇ ਮਿਲੋਸ ਰਾਓਨਿਚ ਤੋਂ 6-1, 6-1, 7-6 (7/5) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ 16ਵੀਂ ਦਰਜਾ ਪ੍ਰਾਪਤ ਰਾਓਨਿਚ ਦਾ ਸਾਹਮਣਾ ਫਰਾਂਸ ਦੇ 28ਵੇਂ ਦਰਜਾ ਪ੍ਰਾਪਤ ਲੁਕਾਸ ਪਾਓਲੇ ਨਾਲ ਹੋਵੇਗਾ ਜਿਨ੍ਹਾਂ ਨੇ ਕ੍ਰੋਏਸ਼ੀਆ ਦੇ 11ਵੇਂ ਦਰਜਾ ਪ੍ਰਾਪਤ ਬੋਰਨਾ ਕੋਰਿਚ ਨੂੰ 6-7 (4), 6-4, 7-5, 7-6 (2) ਨਾਲ ਹਾਰ ਦਿੱਤੀ। ਮਹਿਲਾਵਾਂ ’ਚ ਚੌਥੀ ਦਰਜਾ ਪ੍ਰਾਪਤ ਨਾਓਮੀ ਓਸਾਕਾ ਨੇ ਲਾਟਵਿਆ ਦੀ ਅਨਾਸਤਾਸੀਆ ਸੇਵਾਸਤੋਵਾ ਨੂੰ 4-6, 6-3, 6-4 ਨਾਲ ਹਰਾਇਆ। ਅੰਤਿਮ ਅੱਠ ਵਿੱਚ ਉਸ ਦਾ ਸਾਹਮਣਾ ਉਕਰੇਨ ਦੀ ਇਲੀਨਾ ਸਿਵਤੋਲੀਨਾ ਨਾਲ ਹੋਵੇਗਾ ਜਿਨ੍ਹਾਂ ਨੇ ਅਮਰੀਕਾ ਦੀ ਮੇਡਿਸਨ ਕਿਸ ਨੂੰ 6-2, 1-6, 6-1 ਨਾਲ ਹਰਾਇਆ ਸੀ।

VIA PUNJAB