ਹਿੰਦੂਆਂ ਦੇ ਮਨਾਂ ਵਿੱਚ ਦਾਬੇ ਦੀ ਖ਼ਾਹਸ਼ ਨਹੀਂ: ਭਾਗਵਤ

ਸ਼ਿਕਾਗੋ – ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਹਿੰਦੂਆਂ ਦੀ ਦਾਬੇ ਦੀ ਕੋਈ ਖਾਹਿਸ਼ ਨਹੀਂ ਹੈ ਅਤੇ ਭਾਈਚਾਰਾ ਤਦ ਹੀ ਵਧ ਫੁੱਲ ਸਕੇਗਾ ਜਦੋਂ ਇਹ ਇਕ ਸਮਾਜ ਦੀ ਤਰ੍ਹਾਂ ਕੰਮ ਕਰੇਗਾ। ਉਨ੍ਹਾਂ ਹਿੰਦੂ ਭਾਈਚਾਰੇ ਦੇ ਆਗੂਆਂ ਨੂੰ ਏਕਾ ਕਾਇਮ ਕਰਨ ਤੇ ਭਾਈਚਾਰੇ ਦੀ ਭਲਾਈ ਲਈ ਕੰਮ ਕਰਨ ਦਾ ਸੱਦਾ ਦਿੱਤਾ। ਇੱਥੇ ਦੂਜੀ ਵਿਸ਼ਵ ਹਿੰਦੂ ਕਾਂਗਰਸ ਵਿੱਚ ਕਰੀਬ 2500 ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਭਾਗਵਤ ਨੇ ਕਿਹਾ ਕਿ ਸਮੁੱਚੇ ਸੰਸਾਰ ਨੂੰ ਇਕ ਟੀਮ ਵਿੱਚ ਲਿਆਉਣ ਦੀਆਂ ਮੁੂਲ ਕਦਰਾਂ ਕੀਮਤਾਂ ਵਿੱਚ ਹਉਮੈ ਨੂੰ ਕਾਬੂ ਹੇਠ ਰੱਖਣਾ ਤੇ ਆਮ ਸਹਿਮਤੀ ਨੂੰ ਪ੍ਰਵਾਨਣਾ ਸ਼ਾਮਲ ਹਨ। ਉਨ੍ਹਾਂ ਕਿਹਾ ‘‘ ਜੇ ਸ਼ੇਰ ਇਕੱਲਾ ਹੋਵੇ ਤਾਂ ਜੰਗਲੀ ਕੁੱਤਿਆਂ ਦਾ ਝੁੰਡ ਧਾਵਾ ਬੋਲ ਕੇ ਸ਼ੇਰ ਨੂੰ ਖਤਮ ਕਰ ਸਕਦੇ ਹਨ। ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ। ਅਸੀਂ ਦੁਨੀਆ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਾਂ। ਸਾਡੇ ਮਨਾਂ ’ਚ ਦਾਬੇ ਦੀ ਕੋਈ ਖ਼ਾਹਸ਼ ਨਹੀਂ ਹੈ। ਸਾਡਾ ਪ੍ਰਭਾਵ ਕਿਸੇ ਜਿੱਤ ਜਾਂ ਬਸਤੀਕਰਨ ਦਾ ਸਿੱਟਾ ਨਹੀਂ ਹੈ।’’ ਉਨ੍ਹਾਂ ਕਿਹਾ ‘‘ ਹਿੰਦੂ ਸਮਾਜ ਉਦੋਂ ਵਧੇ ਫੁੱਲੇਗਾ ਜਦੋਂ ਇਹ ਸਮਾਜ ਦੀ ਤਰ੍ਹਾਂ ਕੰਮ ਕਰੇਗਾ। ਸਮੁੱਚੀ ਦੁਨੀਆ ਨੂੰ ਇਕ ਟੀਮ ਬਣਾਉਣ ਲਈ ਹੰਕਾਰ ਨੂੰ ਕਾਬੂ ਕਰਨਾ ਪਵੇਗਾ ਤੇ ਆਮ ਸਹਿਮਤੀ ਨਾਲ ਚੱਲਣਾ ਪਵੇਗਾ। ਮਿਸਾਲ ਦੇ ਤੌਰ ’ਤੇ ਭਗਵਾਨ ਕ੍ਰ਼ਿਸ਼ਨ ਤੇ ਯੁਧਿਸ਼ਟਰ ਦਰਮਿਆਨ ਕਦੇ ਕੋਈ ਤਕਰਾਰ ਨਹੀਂ ਹੋਇਆ।’’ ਮਹਾਭਾਰਤ ਦੇ ਸੰਦਰਭ ਵਿੱਚ ਜੰਗ ਤੇ ਰਾਜਨੀਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਰਾਜਨੀਤੀ ਯੋਗ ਅਭਿਆਸ ਕਰ ਕੇ ਨਹੀਂ ਕੀਤੀ ਜਾ ਸਕਦੀ।

VIA PUNJAB