ਇੰਗਲੈਂਡ ਨੇ ਭਾਰਤ ਨੂੰ ਹਰਾ ਕੇ ਲੜੀ 2-1 ਨਾਲ ਜਿੱਤੀ

ਲੀਡਜ਼ – ਇੰਗਲੈਂਡ ਨੇ ਅੱਜ ਇਥੇ ਭਾਰਤ ਖ਼ਿਲਾਫ਼ ਤਿੰਨ ਇਕ-ਰੋਜ਼ਾ ਮੈਚਾਂ ਦੀ ਲੜੀ ਦੇ ਤੀਜੇ ਤੇ ਆਖ਼ਰੀ ਮੈਚ ਵਿੱਚ ਭਾਰਤ ਨੂੰ 8 ਵਿਕਟਾਂ ਨਾਲ ਬੁਰੀ ਤਰ੍ਹਾਂ ਹਰਾ ਕੇ ਲੜੀ 2-1 ਨਾਲ ਜਿੱਤ ਲਈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ 50 ਓਵਰਾਂ ਵਿੱਚ ਅੱਠ ਵਿਕਟਾਂ ਗਵਾ ਕੇ 256 ਦੌੜਾਂ ਬਣਾਈਆਂ ਜਦੋਂਕਿ ਇੰਗਲੈਂਡ ਨੇ ਜੋਅ ਰੂਟ ਦੀਆਂ ਨਾਬਾਦ 100 ਤੇ ਇਓਨ ਮੋਰਗਨ ਦੀਆਂ ਨਾਬਾਦ 88 ਦੌੜਾਂ ਸਦਕਾ ਜੇਤੂ ਟੀਚਾ 44.3 ਓਵਰਾਂ ਵਿੱਚ ਹੀ ਪੂਰਾ ਕਰ ਲਿਆ। ਮੇਜ਼ਬਾਨ ਟੀਮ ਨੇ 257 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਧਮਾਕੇਦਾਰ ਸ਼ੁਰੂਆਤ ਕੀਤੀ। ਸਲਾਮੀ ਬੱਲੇਬਾਜ਼ ਜੌਨੀ ਬੇਅਰਸਟਾ ਨੇ ਆਪਣੀ ਟੀਮ ਦੀ ਪਾਰੀ ਦੀ ਤੂਫ਼ਾਨੀ ਸ਼ੁਰੂਆਤ ਕੀਤੀ। ਉਸ ਨੇ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਨਿਸ਼ਾਨਾ ਬਣਾਉਂਦਿਆਂ ਪਾਰੀ ਦੇ ਤੀਜੇ ਓਵਰ ਵਿੱਚ ਚਾਰ ਚੌਕੇ ਜੜੇ। ਅਗਲੇ ਓਵਰ ਵਿੱਚ ਉਸ ਨੇ ਹਾਰਦਿਕ ਪਾਂਡਿਆ ਦੇ ਝੋਲੀ ਵੀ ਚਾਰ ਚੌਕੇ ਪਾਏ। ਇਸ ਤੋਂ ਬਾਅਦ ਉਸ ਨੂੰ ਪੰਜਵੇਂ ਓਵਰ ਵਿੱਚ ਸ਼ਰਦੁਲ ਠਾਕੁਰ ਦੀ ਗੇਂਦ ਉਤੇ ਸੁਰੇਸ਼ ਰੈਣਾ ਨੇ ਬੋਚ ਲਿਆ। ਉਸ ਨੇ 13 ਗੇਂਦਾਂ ਵਿੱਚ ਸੱਤ ਚੌਕਿਆਂ ਦੀ ਮੱਦਦ ਨਾਲ 30 ਦੌੜਾਂ ਬਣਾਈਆਂ।ਇਸ ਤੋਂ ਬਾਅਦ ਜੋਅ ਰੂਟ ਤੇ ਕਪਤਾਨ ਇਓਨ ਮੋਰਗਨ ਨੇ ਮੋਰਚਾ ਸੰਭਾਲਿਆ। ਇਨ੍ਹਾਂ ਦੋਵਾਂ ਧਮਾਕੇਦਾਰ ਬੱਲੇਬਾਜ਼ਾਂ ਅੱਗੇ ਭਾਰਤੀ ਗੇਂਦਬਾਜ਼ਾਂ ਦੀ ਕੋਈ ਪੇਸ਼ ਨਾ ਚੱਲੀ ਤੇ ਉਨ੍ਹਾਂ ਆਪਣੀ ਟੀਮ ਨੂੰ ਜਿੱਤ ਤੱਕ ਪਹੁੰਚਾਉਣ ਵਿੱਚ ਕੋਈ ਕੋਤਾਹੀ ਨਾ ਕੀਤੀ ਤੇ ਟੀਮ ਨੂੰ ਆਸਾਨੀ ਨਾਲ ਮੈਚ ਜਿਤਾ ਦਿੱਤਾ। ਇਨ੍ਹਾਂ ਦੋਵਾਂ ਦਰਮਿਆਨ 186 ਦੌੜਾਂ ਦਾ ਸ਼ਾਨਦਾਰ ਭਾਈਵਾਲੀ ਹੋਈ। ਇਸ ਦੌਰਾਨ ਰੂਟ ਨੇ 120 ਗੇਂਦਾਂ ਵਿੱਚ 10 ਚੌਕੇ ਲਾਏ, ਜਦੋਂਕਿ ਕਪਤਾਨ ਮੋਰਗਨ ਨੇ 108 ਗੇਦਾਂ ਵਿੱਚ 9 ਚੌਕੇ ਤੇ ਇਕ ਛੱਕਾ ਜੜਿਆ। ਭਾਰਤ ਲਈ ਸ਼ਰਦੁਲ ਠਾਕੁਰ ਨੇ ਇਕ ਵਿਕਟ ਲਈ, ਜਦੋਂਕਿ ਜੇਮਜ਼ ਵਿੰਸ 27 ਦੌੜਾਂ ਬਣਾ ਕੇ ਰਨ ਆਊਟ ਹੋਇਆ।

VIA PUNJAB