ਦੱਖਣੀ ਅਫਰੀਕਾ ਅਤੇ ਭਾਰਤ ਦੀਆਂ ‘ਏ’ ਟੀਮਾਂ ਵਿਚਾਲੇ ਦੂਜਾ ਟੈਸਟ ਅੱਜ

ਭਾਰਤ ‘ਏ’ ਅਤੇ ਦੱਖਣੀ ਅਫਰੀਕਾ ‘ਏ’ ਵਿਚਾਲੇ ਮੰਗਲਵਾਰ ਨੂੰ ਖੇਡੇ ਜਾਣ ਵਾਲੇ ਦੂਜੇ ਅਤੇ ਆਖ਼ਰੀ ਅਣਅਧਿਕਾਰਤ ਟੈਸਟ ਮੈਚ ਦੌਰਾਨ ਇੱਕ ਵਾਰ ਫਿਰ ਨਜ਼ਰਾਂ ਸ਼ੁਭਮਨ ਗਿੱਲ ਦੇ ਪ੍ਰਦਰਸ਼ਨ ’ਤੇ ਹੋਣਗੀਆਂ। ਭਾਰਤ ‘ਏ’ ਨੇ ਦੱਖਣੀ ਅਫਰੀਕਾ ‘ਏ’ ਖ਼ਿਲਾਫ਼ ਹੁਣ ਤੱਕ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ। ਟੀਮ ਨੇ ਪੰਜ ਮੈਚਾਂ ਦੀ ਇੱਕ ਰੋਜ਼ਾ ਲੜੀ 4-1 ਨਾਲ ਜਿੱਤਣ ਮਗਰੋਂ ਦੋ ਅਣਅਧਿਕਾਰਤ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਸੱਤ ਵਿਕਟਾਂ ਨਾਲ ਆਪਣੇ ਨਾਮ ਕੀਤਾ।ਭਾਰਤ ‘ਏ’ ਦੀ ਕੋਸ਼ਿਸ਼ ਦੱਖਣੀ ਅਫਰੀਕਾ ‘ਏ’ ਖ਼ਿਲਾਫ਼ ਇੱਕ ਹੋਰ ਜਿੱਤ ਨਾਲ ਆਪਣੀ ਮੁਹਿੰਮ ਖ਼ਤਮ ਕਰਨ ਦੀ ਹੋਵੇਗੀ। ਇਸ ਮੈਚ ਵਿੱਚ ਵੀ 19 ਸਾਲ ਦੇ ਗਿੱਲ ਦੇ ਪ੍ਰਦਰਸ਼ਨ ’ਤੇ ਨਜ਼ਰਾਂ ਹੋਣਗੀਆਂ, ਜਿਸ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਦੋ ਅਕਤੂਬਰ ਤੋਂ ਵਿਸਾਖਾਪਟਨਮ ਵਿੱਚ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਵਿੱਚ ਚੁਣਿਆ ਗਿਆ ਹੈ। ਗਿੱਲ ਨੇ ਦੱਖਣੀ ਅਫਰੀਕਾ ‘ਏ’ ਖ਼ਿਲਾਫ਼ ਪਹਿਲੇ ਟੈਸਟ ਵਿੱਚ ਟੀਮ ਦੀ ਅਗਵਾਈ ਕਰਦਿਆਂ 90 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਲਈ ਚੁਣੇ ਜਾਣ ਮਗਰੋਂ ਪੰਜਾਬ ਦੇ ਇਸ ਬੱਲੇਬਾਜ਼ ਦੀ ਕੋਸ਼ਿਸ਼ ਕੌਮੀ ਚੋਣਕਾਰਾਂ ਨੂੰ ਸਹੀ ਸਾਬਤ ਕਰਨ ਦੀ ਹੋਵੇਗੀ। ਲੜੀ ਦੇ ਦੂਜੇ ਮੁਕਾਬਲੇ ਲਈ ਕੌਮੀ ਚੋਣਕਾਰਾਂ ਨੇ ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ। ਇਸ ਮੁਕਾਬਲੇ ਵਿੱਚ ਕਪਤਾਨੀ ਦੀ ਜ਼ਿੰਮੇਵਾਰੀ ਗਿੱਲ ਦੀ ਥਾਂ ਬੰਗਾਲ ਦੇ ਮਾਹਿਰ ਵਿਕਟਕੀਪਰ ਰਿਧੀਮਾਨ ਸਾਹਾ ਕੋਲ ਹੋਵੇਗੀ। ਟੀਮ ਵਿੱਚ ਸਲਾਮੀ ਬੱਲੇਬਾਜ਼ ਜੋਂ ਪ੍ਰਿਯੰਕ ਪੰਚਾਲ ਅਤੇ ਅਭਿਮਨਿਊ ਈਸ਼ਵਰਨ ਨੂੰ ਮੌਕਾ ਮਿਲਿਆ ਹੈ। ਆਸਟਰੇਲੀਆ ਖ਼ਿਲਾਫ਼ ਸਾਲ 2017 ਵਿੱਚ ਖੇਡੀ ਗਈ ਲੜੀ ਮਗਰੋਂ ਟੀਮ ’ਚੋਂ ਬਾਹਰ ਚੱਲ ਰਹੇ ਕਰੁਣ ਨਾਇਰ ਲਈ ਦਲੀਪ ਟਰਾਫ਼ੀ ਕਾਫ਼ੀ ਚੰਗੀ ਰਹੀ ਸੀ ਅਤੇ ਉਹ ਵੱਡੀ ਪਾਰੀ ਖੇਡ ਕੇ ਕੌਮੀ ਟੀਮ ਲਈ ਇੱਕ ਵਾਰ ਫਿਰ ਦਾਅਵਾ ਮਜ਼ਬੂਤ ਕਰੇਗਾ।

VIA PUNJAB