ਦੱਖਣੀ ਅਫਰੀਕਾ ਤੇ ਪਾਕਿਸਤਾਨ ਅੱਜ ਹੋਣਗੇ ਆਹਮੋ-ਸਾਹਮਣੇ

ਦੱਖਣੀ ਅਫਰੀਕਾ ਅਤੇ ਪਾਕਿਸਤਾਨ ਸੈਮੀ-ਫਾਈਨਲ ਦੀ ਦੌੜ ’ਚੋਂ ਲਗਪਗ ਬਾਹਰ ਹੋ ਗਏ ਹਨ ਅਤੇ ਹੁਣ ਐਤਵਾਰ ਨੂੰ ਇੱਥੇ ਲਾਰਡਜ਼ ’ਤੇ ਹੋਣ ਵਾਲੇ ਵਿਸ਼ਵ ਕੱਪ ਮੈਚ ਵਿੱਚ ਦੋਵਾਂ ਦੀਆਂ ਨਜ਼ਰਾਂ ਢਾਰਸ ਭਰੀ ਜਿੱਤ ਦਰਜ ਕਰਨ ’ਤੇ ਹੋਣਗੀਆਂ। ਦੱਖਣੀ ਅਫਰੀਕਾ ਨੇ ਛੇ ਮੈਚਾਂ ਵਿੱਚ ਸਿਰਫ਼ ਤਿੰਨ ਅੰਕ ਹੀ ਹਾਸਲ ਕੀਤੇ ਹਨ ਅਤੇ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਪਾਕਿਸਤਾਨ ਹੁਣ ਵੀ ਸੈਮੀ-ਫਾਈਨਲ ਵਿੱਚ ਥਾਂ ਬਣਾ ਸਕਦਾ ਹੈ, ਜੇਕਰ ਉਹ ਬਾਕੀ ਦੇ ਚਾਰ ਮੈਚ ਜਿੱਤ ਲਵੇ ਅਤੇ ਟੂਰਨਾਮੈਂਟ ਦੇ ਹੋਰ ਨਤੀਜੇ ਵੀ ਉਸ ਦੇ ਪੱਖ ਵਿੱਚ ਜਾਣ।ਵੈਸਟ ਇੰਡੀਜ਼ ਨੇ ਜਦੋਂ ਪਾਕਿਸਤਾਨ ਨੂੰ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਹਰਾਇਆ ਸੀ ਤਾਂ ਇਸ ਦੀ ਤੁਲਨਾ 1992 ਦੀ ਸ਼ੁਰੂਆਤ ਨਾਲ ਕੀਤੀ ਗਈ, ਜਿਸ ਵਿੱਚ ਉਸ ਨੇ ਖ਼ਿਤਾਬ ਹਾਸਲ ਕੀਤਾ ਸੀ। ਇਸ ਤੋਂ ਬਾਅਦ 16 ਜੂਨ ਨੂੰ ਭਾਰਤ ਤੋਂ ਮਿਲੀ ਤਕੜੀ ਹਾਰ ਮਗਰੋਂ ਸਮਰਥਕਾਂ ਦੀਆਂ ਉਮੀਦਾਂ ਦਾ ਸਬਰ ਟੁੱਟ ਗਿਆ। ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਸ਼ੋਇਬ ਅਖ਼ਤਰ ਦੇ ਯੂਟਿਊਬ ਚੈਨਲ ’ਤੇ ਗੱਲਬਾਤ ਦੌਰਾਨ ਕਿਹਾ, ‘‘ਪਾਕਿਸਤਾਨ ਕ੍ਰਿਕਟ ਵਿੱਚ ਖ਼ਰਾਬ ਪ੍ਰਦਰਸ਼ਨ ਮਗਰੋਂ ਸਖ਼ਤ ਆਲੋਚਨਾ ਆਮ ਗੱਲ ਹੈ। ਉਮੀਦਾਂ ਹਮੇਸ਼ਾਂ ਕਾਫ਼ੀ ਜ਼ਿਆਦਾ ਹੁੰਦੀਆਂ ਹਨ।’’ਭਾਰਤ ਖ਼ਿਲਾਫ਼ ਮੈਚ ਵਿੱਚ ਗੇਂਦਬਾਜ਼ੀ ਵਿੱਚ ਮੁਹੰਮਦ ਆਮਿਰ ਇਕਲੌਤਾ ਖਿਡਾਰੀ ਸੀ, ਜਿਸ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਟੀਮ ਦੀ ਬੱਲੇਬਾਜ਼ੀ ਤੇ ਫੀਲਡਿੰਗ ਨੇ ਨਿਰਾਸ਼ ਕੀਤਾ। ਸੀਨੀਅਰ ਖਿਡਾਰੀ ਸ਼ੋਇਬ ਮਲਿਕ ਨੂੰ ਉਸ ਦੇ ਆਖ਼ਰੀ ਟੂਰਨਾਮੈਂਟ ਦੇ ਇਸ ਮੈਚ ਵਿੱਚ ਮੌਕਾ ਮਿਲਣ ਦੀ ਉਮੀਦ ਨਹੀਂ ਹੈ। ਦੂਜੇ ਪਾਸੇ, ਦੱਖਣੀ ਅਫਰੀਕਾ ਨੇ ਆਪਣੇ ਨਮੋਸ਼ੀਜਨਕ ਪ੍ਰਦਰਸ਼ਨ ਤੋਂ ਸਬਕ ਨਹੀ ਲਿਆ।

VIA PUNJAB