ਭਾਰਤੀ ਬੱਲੇਬਾਜ਼ ਆਸਟਰੇਲੀਆ ‘ਚ ਕਰਨਗੇ ਵਧੀਆ ਪ੍ਰਦਰਸ਼ਨ : ਵਾਟਸਨ

ਨਵੀਂ ਦਿੱਲੀ – ਆਸਟਰੇਲੀਆ ਦੇ ਸਾਬਕਾ ਆਲਰਾਊਂਡਰ ਖਿਡਾਰੀ ਸ਼ੇਨ ਵਾਟਸਨ ਦਾ ਮੰਨਣਾ ਹੈ ਕਿ ਇੰਗਲੈਂਡ ਖਿਲਾਫ ਮੌਜੂਦਾ 5 ਟੈਸਟ ਮੈਚਾਂ ਦੀ ਸੀਰੀਜ਼ ‘ਚ ਖੇਡ ਕਰ ਰਹੇ ਭਾਰਤੀ ਬੱਲੇਬਾਜ਼ ਇਸ ਸਾਲ ਹੋਣ ਵਾਲੇ ਆਸਟਰੇਲੀਆ ਦੌਰੇ ‘ਤੇ ਵਧੀਆ ਪ੍ਰਦਰਸ਼ਨ ਕਰਨਗੇ। ਕਪਤਾਨ ਵਿਰਾਟ ਕੋਹਲੀ ਤੇ ਚੇਤੇਸ਼ਵਰ ਪੁਜਾਰਾ ਨੂੰ ਛੱਡ ਕੇ ਬਾਕੀ ਦੇ ਬੱਲੇਬਾਜ਼ਾਂ ਨੇ ਆਪਣਾ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਤੇ ਇੰਗਲੈਂਡ ਦੀ ਟੀਮ ਨੇ ਸੀਰੀਜ਼ ‘ਚ 3-1 ਨਾਲ ਬੜ੍ਹਤ ਬਣਾ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਵਾਟਸਨ ਨੇ ਕਿਹਾ ਕਿ ਸਵਿੰਗ ਗੇਂਦਬਾਜ਼ੀ ਨੂੰ ਖੇਡਣਾ ਸੌਖਾ ਨਹੀਂ ਹੁੰਦਾ। ਅਗਲੇ ਸਾਲ ਜਦੋਂ ਆਸਟਰੇਲੀਆਈ ਟੀਮ ਏਸ਼ੇਜ਼ ਲਈ ਇੰਗਲੈਂਡ ਦਾ ਦੌਰਾ ਕਰੇਗਾ ਤਾਂ ਉਨ੍ਹਾਂ ਲਈ ਵੀ ਹਾਲਾਤ ਸੌਖੇ ਨਹੀਂ ਹੋਣਗੇ। ਇੰਗਲੈਂਡ ਇਕਲੌਤੀ ਇਸ ਤਰ੍ਹਾਂ ਦੀ ਜਗ੍ਹਾ ਹੈ, ਜਿੱਥੇ ਹਾਲਾਤ ਦੇ ਕਾਰਨ ਗੇਂਦ ਇੰਨੀ ਜ਼ਿਆਦਾ ਸਵਿੰਗ ਹੁੰਦੀ ਹੈ। ਤੁਸੀਂ 3 ਸਾਲ ‘ਚ ਇਕ ਵਾਰ ਇੰਗਲੈਂਡ ਜਾ ਕੇ ਉੱਥੇ ਸਫਲ ਨਹੀਂ ਹੋ ਸਕਦੇ। ਭਾਰਤੀ ਟੀਮ ਆਸਟਰੇਲੀਆ ਦੌਰੇ ਦੀ ਤੁਲਨਾ ‘ਚ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ। ਆਸਟਰੇਲੀਆ ਦੇ ਲਈ 59 ਟੈਸਟ, 190 ਵਨ ਡੇ ਤੇ 58 ਟੀ-20 ਕੌਮਾਂਤਰੀ ਮੈਚ ਖੇਡਣ ਵਾਲੇ ਇਸ ਖਿਡਾਰੀ ਨੇ ਕਿਹਾ ਕਿ ਜੇਕਰ ਤੁਸੀਂ ਰਿਕਾਰਡ ਦੇਖਦੇ ਹੋ ਤਾਂ ਭਾਰਤੀ ਬੱਲੇਬਾਜ਼ਾਂ ਨੇ ਆਸਟਰੇਲੀਆ ‘ਚ ਵਧੀਆ ਪ੍ਰਦਰਸ਼ਨ ਕੀਤਾ ਹੈ।

VIA PUNJAB