ਭਾਰਤ ਨਾ ਖੇਡੇ ਏਸ਼ੀਆ ਕੱਪ : ਸਹਿਵਾਗ

ਨਵੀਂ ਦਿੱਲੀ – ਸਾਬਕਾ ਚੈਂਪੀਅਨ ਭਾਰਤੀ ਕ੍ਰਿਕਟ ਟੀਮ ਦੇ ਇਸ ਸਾਲ ਸਤੰਬਰ ‘ਚ ਹੋਣ ਵਾਲੇ ਏਸ਼ੀਆ ਕੱਪ ‘ਚ ਇਕ ਤੋਂ ਬਾਅਦ ਇਕ ਮੈਚ ਦੇ ਪ੍ਰੋਗਰਾਮ ਨੂੰ ਲੈ ਕੇ ਹਰ ਪਾਸੇ ਆਲੋਚਨਾ ਸ਼ੁਰੂ ਹੋ ਗਈ ਹੈ ਅਤੇ ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਤਾਂ ਇਹ ਕਹਿ ਦਿੱਤਾ ਹੈ ਕਿ ਟੀਮ ਨੂੰ ਅਜਿਹੇ ਟੂਰਨਾਮੈਂਟ ‘ਚ ਨਹੀਂ ਖੇਡਣਾ ਚਾਹੀਦਾ ਹੈ। ਭਾਰਤੀ ਕ੍ਰਿਕਟ ਟੀਮ ਲੰਬੇ ਸਮੇਂ ਦੇ ਵਿਰੋਧੀ ਪਾਕਿਸਤਾਨ ਦੇ ਖਿਲਾਫ 19 ਸਤੰਬਰ ਨੂੰ ਏਸ਼ੀਆ ਕੱਪ ‘ਚ ਵੱਡੇ ਮੈਚ ਦੇ ਲਈ ਉਤਰੇਗੀ ਜਦਕਿ ਇਸ ਤੋਂ ਇਕ ਦਿਨ ਪਹਿਲਾਂ ਉਸ ਨੂੰ ਕੁਆਲੀਫਾਇਰ ਟੀਮ ਦੇ ਨਾਲ ਟੂਰਨਾਮੈਂਟ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨੀ ਹੈ ਜਿਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਸਾਬਕਾ ਭਾਰਤੀ ਕ੍ਰਿਕਟਰ ਨੇ ਏਸ਼ੀਆ ਕੱਪ ਦੇ ਪ੍ਰੋਗਰਾਮ ਦੀ ਰੂਪਰੇਖਾ ‘ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ, ”ਮੈਨੂੰ ਲਗਦਾ ਹੈ ਕਿ ਭਾਰਤ ਨੂੰ ਇਸ ਟੂਰਨਾਮੈਂਟ ‘ਚ ਨਹੀਂ ਖੇਡਣਾ ਚਾਹੀਦਾ ਹੈ।” ਸਹਿਵਾਗ ਨੇ ਕਿਹਾ ਕਿ ਕਿਸੇ ਵੀ ਖਿਡਾਰੀ ਨੂੰ ਇਕ ਰੋਜ਼ਾ ਕੌਮਾਂਤਰੀ ਮੈਚ ਖੇਡਣ ਦੇ ਬਾਅਦ ਅਗਲੇ ਮੈਚ ਤੋਂ ਪਹਿਲਾਂ ਘੱਟੋ-ਘੱਟ ਇਕ ਦਿਨ ਦੇ ਆਰਾਮ ਦੀ ਜ਼ਰੂਰਤ ਹੁੰਦੀ ਹੈ ਜਦਕਿ ਏਸ਼ੀਆ ਕੱਪ ‘ਚ ਭਾਰਤੀ ਟੀਮ ਨੂੰ ਲਗਾਤਾਰ ਦੋ ਦਿਨ ਮੈਚ ਖੇਡਣਗੇ ਹੋਣਗੇ। ਉਨ੍ਹਾਂ ਕਿਹਾ, ”ਮੈਂ ਇਸ ਗੱਲ ਤੋਂ ਬਹੁਤ ਹੈਰਾਨ ਹਾਂ ਕਿ ਇਹ ਕਿਹੋ ਜਿਹਾ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ, ਕਿਹੜਾ ਦੇਸ਼ ਹੈ ਜੋ ਦੋ ਦਿਨ ‘ਚ ਦੋ ਕੌਮਾਂਤਰੀ ਮੈਚ ਖੇਡਦਾ ਹੈ।” ਦਿੱਲੀ ਦੇ ਸਾਬਕਾ ਖਿਡਾਰੀ ਨੇ ਕਿਹਾ, ”ਇੰਗਲੈਂਡ ‘ਚ ਵੀ ਟਵੰਟੀ-20 ਸੀਰੀਜ਼ ‘ਚ ਵੀ ਹਰ ਮੈਚ ‘ਚ ਦੋ ਦਿਨ ਦਾ ਫਰਕ ਸੀ ਅਤੇ ਏਸ਼ੀਆ ਕੱਪ ‘ਚ ਤਾਂ 50 ਓਵਰ ਫਾਰਮੈਟ ‘ਚ ਖੇਡਣਾ ਹੈ। ਦੁਬਈ ‘ਚ ਮੌਸਮ ਬਹੁਤ ਗਰਮ ਹੁੰਦਾ ਹੈ ਇਸ ਲਈ ਖਿਡਾਰੀਆਂ ਨੂੰ ਆਰਾਮ ਮਿਲਣਾ ਚਾਹੀਦਾ ਹੈ।”

VIA PUNJAB