ਭਾਰਤ ਵਿਸ਼ਵ ਕੱਪ ਸੈਮੀ ਫਾਈਨਲ ਦਾ ਮਜ਼ਬੂਤ ਦਾਅਵੇਦਾਰ: ਪਾਕਿ ਹਾਕੀ ਕੋਚ

ਨਵੀਂ ਦਿੱਲੀ – ਪਾਕਿਸਤਾਨ ਹਾਕੀ ਕੋਚ ਹਸਨ ਸਰਦਾਰ ਨੇ ਚਾਰ ਸਾਲ ਪਹਿਲਾਂ ਭੁਵਨੇਸ਼ਵਰ ਵਿੱਚ ਚੈਂਪੀਅਨਜ਼ ਟਰਾਫੀ ਦੇ ਤਜਰਬੇ ਤੋਂ ਸਬਕ ਲੈਂਦਿਆਂ ਇਸ ਮਹੀਨੇ ਦੇ ਅਖ਼ੀਰ ਵਿੱਚ ਉਸੇ ਮੈਦਾਨ ’ਤੇ ਸ਼ੁਰੂ ਹੋ ਰਹੇ ਵਿਸ਼ਵ ਕੱਪ ਵਿੱਚ ਖਿਡਾਰੀਆਂ ਨੂੰ ਖੇਡ ਨਾਲ ਆਪਣੇ ਵਿਵਹਾਰ ’ਤੇ ਵੀ ਧਿਆਨ ਕੇਂਦਰਿਤ ਕਰਨ ਦੀ ਤਾਕੀਦ ਕੀਤੀ। ਇਸ ਦੇ ਨਾਲ ਹੀ ਉਸ ਨੇ ਵਿਸ਼ਵ ਕੱਪ ਵਿੱਚ ਭਾਰਤ ਨੂੰ ਸੈਮੀ ਫਾਈਨਲ ਦਾ ਮਜ਼ਬੂਤ ਦਾਅਵੇਦਾਰ ਦੱਸਦਿਆਂ ਕਿਹਾ ਕਿ ਮੇਜ਼ਬਾਨ ਟੀਮ ਪਿਛਲੇ ਕੁੱਝ ਅਰਸੇ ਤੋਂ ਚੰਗੀ ਲੈਅ ਵਿੱਚ ਹੈ ਅਤੇ ਉਸ ਨੂੰ ਘਰੇਲੂ ਮੈਦਾਨ ’ਤੇ ਖੇਡਣ ਦਾ ਫ਼ਾਇਦਾ ਮਿਲੇਗਾ। ਭੁਵਨੇਸ਼ਵਰ ਵਿੱਚ ਚੈਂਪੀਅਨਜ਼ ਟਰਾਫੀ-2014 ਮਗਰੋਂ ਪਾਕਿਸਤਾਨੀ ਹਾਕੀ ਟੀਮ ਪਹਿਲੀ ਵਾਰ ਭਾਰਤ ਵਿੱਚ ਐਫਆਈਐਚ ਦਾ ਕੋਈ ਟੂਰਨਾਮੈਂਟ ਖੇਡੇਗੀ। ਚਾਰ ਸਾਲਾਂ ਪਹਿਲਾਂ ਚੈਂਪੀਅਨਜ਼ ਟਰਾਫੀ ਸੈਮੀ ਫਾਈਨਲ ਵਿੱਚ ਭਾਰਤ ਨੂੰ ਹਰਾਉਣ ਮਗਰੋਂ ਪਾਕਿਸਤਾਨ ਦੇ ਕੁੱਝ ਖਿਡਾਰੀਆਂ ਨੇ ਆਪਣੀਆਂ ਸ਼ਰਟਾਂ ਉਤਾਰ ਕੇ ਦਰਸ਼ਕਾਂ ਵੱਲ ਅਸ਼ਲੀਲ ਇਸ਼ਾਰੇ ਕੀਤੇ ਸਨ, ਜਿਸ ਕਾਰਨ ਦੋਵਾਂ ਦੇਸ਼ਾਂ ਦੇ ਹਾਕੀ ਸਬੰਧਾਂ ਵਿੱਚ ਕੁੜੱਤਣ ਆ ਗਈ। ਇਸ ਘਟਨਾ ਮਗਰੋਂ ਹਾਕੀ ਇੰਡੀਆ ਨੇ ਹਾਕੀ ਇੰਡੀਆ ਲੀਗ (ਐਚਆਈਐਲ) ਦੇ ਅਗਲੇ ਸੈਸ਼ਨਾਂ ਵਿੱਚ ਪਾਕਿਸਤਾਨੀ ਖਿਡਾਰੀਆਂ ਨਾਲ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਐਫਆਈਐਚ ਨੇ ਪਾਕਿਸਤਾਨ ਦੇ ਦੋ ਖਿਡਾਰੀਆਂ ਮੁਹੰਮਦ ਤੌਸ਼ੀਕ ਅਤੇ ਅਲੀ ਅਮਜਦ ਨੂੰ ਮੁਅੱਤਲ ਵੀ ਕੀਤਾ ਸੀ, ਜਦੋਂਕਿ ਸ਼ਫਕਤ ਰਸੂਲ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਸੀ। ਕਰਾਚੀ ਤੋਂ ਇਸ ਖ਼ਬਰ ਏਜੰਸੀ ਨਾਲ ਗੱਲ ਕਰਦਿਆਂ ਸਰਦਾਰ ਨੇ ਕਿਹਾ, ‘‘ਮੇਰੇ ਲਈ ਅਨੁਸ਼ਾਸਨ ਮਹੱਤਵਪੂਰਨ ਹੈ ਅਤੇ ਮੈਂ ਆਪਣੇ ਖਿਡਾਰੀਆਂ ਨੂੰ ਦੱਸ ਦਿੱਤਾ ਹੈ ਕਿ ਕੋਈ ਵੀ ਅਨੁਸ਼ਾਸਨਹੀਣਤਾ ਦੀ ਘਟਨਾ ਵਾਪਰ ’ਤੇ ਸਿੱਧੀ ਕਾਰਵਾਈ ਕੀਤੀ ਹੋਵੇਗੀ। ਮੈਨੂੰ ਆਸ ਹੈ ਕਿ ਪਹਿਲੀ ਵਾਲੀ ਘਟਨਾ ਮੁੜ ਨਹੀਂ ਦੁਹਰਾਈ ਜਾਵੇਗੀ।

VIA PUNJAB