ਮਿਤਾਲੀ ਨੂੰ ਟੀਮ ’ਚੋਂ ਬਾਹਰ ਕਰਨਾ ਰਣਨੀਤੀ ਦਾ ਹਿੱਸਾ: ਪੋਵਾਰ

ਨਵੀਂ ਦਿੱਲੀ – ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕੋਚ ਰਮੇਸ਼ ਪੋਵਾਰ ਨੇ ਅੱਜ ਮੰਨਿਆ ਕਿ ਉਸ ਦਾ ਸੀਨੀਅਰ ਖਿਡਾਰਨ ਮਿਤਾਲੀ ਰਾਜ ਨਾਲ ‘ਤਣਾਅ ਚੱਲ ਰਿਹਾ ਹੈ। ਉਸ ਨੇ ਸਪਸ਼ਟ ਕੀਤਾ ਕਿ ਵਿਸ਼ਵ ਟੀ-20 ਸੈਮੀ ਫਾਈਨਲ ਵਿੱਚ ਉਸ ਨੂੰ ਬਾਹਰ ਕਰਨਾ ਪੂਰੀ ਤਰ੍ਹਾਂ ਕ੍ਰਿਕਟ ਰਣਨੀਤੀ ਦਾ ਹਿੱਸਾ ਸੀ। ਪੋਵਾਰ ਬੀਸੀਸੀਆਈ ਸੀਈਓ ਰਾਹੁਲ ਜੌਹਰੀ ਅਤੇ ਜਨਰਲ ਮੈਨੇਜਰ (ਕ੍ਰਿਕਟ ਪ੍ਰਬੰਧ) ਸਬਾ ਕਰੀਮ ਨੂੰ ਮਿਲਿਆ। ਇਸ ਤੋਂ ਇੱਕ ਦਿਨ ਪਹਿਲਾਂ ਮਿਤਾਲੀ ਨੇ ਉਸ ’ਤੇ ਪੱਖਪਾਤੀ ਹੋਣ ਦਾ ਦੋਸ਼ ਲਾਇਆ ਸੀ। ਪੋਵਾਰ ਨੇ ਮੁੰਬਈ ਵਿੱਚ ਬੀਸੀਸੀਆਈ ਦੇ ਮੁੱਖ ਦਫ਼ਤਰ ਵਿੱਚ ਬੋਰਡ ਦੇ ਦੋਵਾਂ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਭਾਰਤੀ ਮਹਿਲਾ ਟੀਮ ਦੀ ਸਭ ਤੋਂ ਸੀਨੀਅਰ ਖਿਡਾਰਨ ਨੇ ਜੌਹਰੀ ਅਤੇ ਕਰੀਮ ਨੂੰ ਭੇਜੀ ਈ-ਮੇਲ ਵਿੱਚ ਪੋਵਾਰ ’ਤੇ ਦੋਸ਼ ਲਾਇਆ ਸੀ ਕਿ ਉਸ ਨੂੰ ਵੈਸਟ ਇੰਡੀਜ਼ ਵਿੱਚ ਖੇਡੇ ਗਏ ਵਿਸ਼ਵ ਟੀ-20 ਦੌਰਾਨ ਪੋਵਾਰ ਨੇ ਬੇਇੱਜ਼ਤ ਕੀਤਾ ਸੀ ਅਤੇ ਟੀਮ ਤੋਂ ਬਾਹਰ ਕਰਨ ਕਰਕੇ ਉਹ ਰੋ ਪਈ ਸੀ। ਬੀਸੀਸੀਆਈ ਦੇ ਸੂਤਰ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ, ‘‘ਰਮੇਸ਼ ਨੇ ਕਬੂਲ ਕੀਤਾ ਕਿ ਮਿਤਾਲੀ ਨਾਲ ਉਸ ਦੇ ਪੇਸ਼ੇਵਰਾਨਾ ਰਿਸ਼ਤੇ ਤਣਾਅ ਵਾਲੇ ਹਨ ਕਿਉਂਕਿ ਉਸ ਨੂੰ ਹਮੇਸ਼ਾ ਲੱਗਿਆ ਕਿ ਉਹ ਆਪਣੇ-ਆਪ ਵਿੱਚ ਗੁਆਚੀ ਰਹਿਣ ਵਾਲੀ ਖਿਡਾਰਨ ਹੈ ਅਤੇ ਉਸ ਨੂੰ ਸੰਭਾਲਣਾ ਮੁਸ਼ਕਲ ਹੈ।

VIA PUNJAB