ਵਿਸ਼ਵ ਕੱਪ ਭਾਰਤ-ਪਾਕਿਸਤਾਨ ਦੀ ਵੱਕਾਰੀ ਟੱਕਰ ਅੱਜ

ਮੈਨਚੈਸਟਰ – ਭਾਰਤੀ ਟੀਮ ਭਲਕੇ ਪਾਕਿਸਤਾਨ ਖ਼ਿਲਾਫ਼ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ ਮੁਕਾਬਲੇ ਵਿਚ ਯਕੀਨੀ ਤੌਰ ’ਤੇ ਮਜ਼ਬੂਤ ਦਾਅਵੇਦਾਰ ਹੋਵੇਗੀ। ਹਾਲਾਂਕਿ ਸੰਭਾਵਨਾ ਹੈ ਕਿ ਬਾਰਿਸ਼ ਕ੍ਰਿਕਟ ਪ੍ਰੇਮੀਆਂ ਦਾ ਮਜ਼ਾ ਕਿਰਕਿਰਾ ਕਰ ਦੇਵੇ। ਵਿਰਾਟ ਕੋਹਲੀ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਿਖ਼ਰ ਧਵਨ ਦੀ ਥਾਂ ਕੇ.ਐੱਲ. ਰਾਹੁਲ ਪਾਕਿ ਖ਼ਿਲਾਫ਼ ਭਾਰਤੀ ਪਾਰੀ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਨਾਲ ਹੀ ਕਿਹਾ ਕਿ ਸ਼ਿਖ਼ਰ ਬਾਰੇ ਕੋਈ ਫ਼ਿਕਰ ਕਰਨ ਵਾਲੀ ਗੱਲ ਨਹੀਂ ਹੈ।ਦੋਵਾਂ ਦੇਸ਼ਾਂ ਦੇ ਕ੍ਰਿਕਟ ਪ੍ਰੇਮੀ ਬੜੀ ਬੇਸਬਰੀ ਨਾਲ ਇਸ ਮੈਚ ਦੀ ਉਡੀਕ ਕਰ ਰਹੇ ਹਨ ਦੇ ਹਮੇਸ਼ਾ ਇਨ੍ਹਾਂ ਗੁਆਂਢੀ ਮੁਲਕਾਂ ਵਿਚਾਲੇ ਹੁੰਦੇ ਮੈਚ ਦਿਲਚਸਪੀ ਭਰੇ ਹੁੰਦੇ ਹਨ। ਭਾਵੇਂ ਖਿਡਾਰੀਆਂ ਨੂੰ ਲੱਗੇ ਕਿ ਇਹ ਆਮ ਮੈਚਾਂ ਵਰਗਾ ਹੀ ਮੈਚ ਹੈ ਪਰ ਸਾਰੇ ਦਿਲ ਵਿਚ ਜਾਣਦੇ ਹਨ ਕਿ ਇਹ ਇਕ ਖ਼ਾਸ ਮੈਚ ਹੈ। ਮੁਹੰਮਦ ਆਮਿਰ ਤੇ ਵਹਾਬ ਰਯਾਜ਼ ਦੇ ਹੁਨਰ ਸਾਹਮਣੇ ਲੋਕੇਸ਼ ਰਾਹੁਲ ਦੀ ਤਕਨੀਕ ਦੀ ਪ੍ਰੀਖਿਆ ਹੋਵੇਗੀ। ਸਚਿਨ ਤੇਂਦੁਲਕਰ ਨੇ ਵੀ ਭਾਰਤੀ ਬੱਲੇਬਾਜ਼ਾਂ ਨੂੰ ਆਮਿਰ ਖ਼ਿਲਾਫ਼ ਜ਼ਿਆਦਾ ਹਮਲਾਵਰ ਹੋਣ ਦੀ ਸਲਾਹ ਦਿੱਤੀ ਹੈ ਜਦਕਿ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਹ ਆਦਰਸ਼ ਮਾਨਸਿਕਤਾ ਨਾਲ ਮੈਦਾਨ ’ਤੇ ਉਤਰਨ ਹਾਲਾਂਕਿ ਪਹਿਲੀ ਵਾਰ ਪਾਕਿਸਤਾਨ ਨਾਲ ਖੇਡ ਰਹੇ ਖਿਡਾਰੀਆਂ ਲਈ ਇਹ ਮੌਕਾ ਥੋੜ੍ਹਾ ਦਬਾਅ ਵਾਲਾ ਹੋਵੇਗਾ। ਪ੍ਰਸ਼ੰਸਕਾਂ ਲਈ ਇਹ ਮੈਚ ਕਿੰਨਾ ਅਹਿਮ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਬਲੈਕ ਵਿਚ ਉਹ ਜ਼ਿਆਦਾ ਭਾਅ ’ਤੇ ਟਿਕਟਾਂ ਖ਼ਰੀਦਣ ਨੂੰ ਤਿਆਰ ਹਨ। ਜਦਕਿ ਮੌਸਮ ਉਨ੍ਹਾਂ ਦਾ ਮਜ਼ਾ ਵਿਗਾੜ ਸਕਦਾ ਹੈ।ਭਾਰਤ ਨੇ ਹੁਣ ਤੱਕ ਵਿਸ਼ਵ ਕੱਪ ਵਿਚ ਪਾਕਿਸਤਾਨ ਖ਼ਿਲਾਫ਼ ਸਾਰੇ ਛੇ ਮੈਚਾਂ ਵਿਚ ਜਿੱਤ ਹਾਸਲ ਕੀਤੀ ਹੈ ਜੋ ਕਿ ਇਕਪਾਸੜ ਹੀ ਰਹੇ ਹਨ। ਦੋਵਾਂ ਦੇਸ਼ਾਂ ਵਿਚਾਲੇ ਵੱਧ ਰਹੇ ਸਰਹੱਦੀ ਤਣਾਅ ਕਾਰਨ ਕਈ ਸਾਲਾਂ ਤੋਂ ਕੋਈ ਦੁਵੱਲੀ ਸੀਰੀਜ਼ ਨਹੀਂ ਖੇਡੀ ਗਈ। ਆਸਟਰੇਲੀਆ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਆਮਿਰ ਦਾ ਪਹਿਲਾ ਸਪੈੱਲ ਯਕੀਨੀ ਤੌਰ ’ਤੇ ਉਨ੍ਹਾਂ ਦੀ ਟੀਮ ਲਈ ਕਾਫ਼ੀ ਅਹਿਮ ਹੋਵੇਗਾ। ਰਾਹੁਲ ਤੇ ਰੋਹਿਤ ਸ਼ਰਮਾ ਨੇ ਪਾਰੀ ਦੀ ਸ਼ੁਰੂਆਤ ਵਿਚ ਬਹੁਤ ਘੱਟ ਫੁਟਵਰਕ ਦਿਖਾਇਆ ਹੈ। ਉਨ੍ਹਾਂ ਨੂੰ ਥੋੜ੍ਹਾ ਜ਼ਿਆਦਾ ਚੌਕਸ ਰਹਿਣਾ ਹੋਵੇਗਾ। ਕੋਹਲੀ ਦਾ ਪਾਕਿਸਤਾਨ ਖ਼ਿਲਾਫ਼ ਰਿਕਾਰਡ ਸ਼ਾਨਦਾਰ ਰਿਹਾ ਹੈ। ਉਨ੍ਹਾਂ ਐਡੀਲੇਡ ਵਿਚ 2015 ਵਿਚ ਸੈਂਕੜਾ ਜੜਿਆ ਸੀ। ਹੁਣ ਤੱਕ ਵਿਸ਼ਵ ਕੱਪ ਵਿਚ ਉਨ੍ਹਾਂ ਸੈਂਕੜਾ ਨਹੀਂ ਜੜਿਆ ਤੇ ਮੈਚ ਦੀ ਅਹਿਮੀਅਤ ਨੂੰ ਦੇਖਦਿਆਂ ਉਹ ਸੈਂਕੜਾ ਜੜਨ ਦੇ ਤਕੜੇ ਦਾਅਵੇਦਾਰ ਹਨ। ਨੌਜਵਾਨ ਖਿਡਾਰੀਆਂ ਜਿਵੇਂ ਹਸਨ ਅਲੀ ਸ਼ਾਹੀਨ ਸ਼ਾਹ ਅਫ਼ਰੀਦੀ ਲਈ ਇਹ ਪ੍ਰੀਖਿਆ ਵਾਂਗ ਹੋਵੇਗਾ ਕਿਉਂਕਿ ਉਨ੍ਹਾਂ ਦੁਨੀਆ ਦੇ ਸਰਵੋਤਮ ਬੱਲੇਬਾਜ਼ਾਂ ਖ਼ਿਲਾਫ਼ ਗੇਂਦਬਾਜ਼ੀ ਨਹੀਂ ਕੀਤੀ ਹੈ। ਓਲਡ ਟ੍ਰੈਫ਼ਰਡ ਮੈਦਾਨ ਬੱਲੇਬਾਜ਼ੀ ਲਈ ਚੰਗਾ ਨਜ਼ਰ ਆ ਰਿਹਾ ਹੈ ਹਾਲਾਂਕਿ ਹਾਲਾਤ ਸੀਮ ਤੇ ਸਵਿੰਗ ਦੋਵਾਂ ਲਈ ਸਾਜ਼ਗਾਰ ਹਨ।

VIA PUNJAB