ਵੈਸਟ ਇੰਡੀਜ਼ ਤੇ ਦੱਖਣੀ ਅਫਰੀਕਾ ’ਚ ਭੇੜ ਅੱਜ

ਸਾਊਥੈਂਪਟਨ – ਕੁੱਝ ਪ੍ਰਮੁੱਖ ਖਿਡਾਰੀਆਂ ਦੇ ਜ਼ਖ਼ਮੀ ਹੋਣ, ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਅਤੇ ਲਗਾਤਾਰ ਤਿੰਨ ਹਾਰਾਂ ਤੋਂ ਪ੍ਰੇਸ਼ਾਨ ਦੱਖਣੀ ਅਫਰੀਕਾ ਨੂੰ ਆਈਸੀਸੀ ਵਿਸ਼ਵ ਕੱਪ ਵਿੱਚ ਸੋਮਵਾਰ ਨੂੰ ਇੱਥੇ ਵੈਸਟ ਇੰਡੀਜ਼ ਖ਼ਿਲਾਫ਼ ਇੱਕ ਹੋਰ ਅਜ਼ਮਾਇਸ਼ ਵਿੱਚੋਂ ਲੰਘਣਾ ਪਵੇਗਾ। ਦੱਖਣੀ ਅਫਰੀਕਾ ਨੂੰ ਆਪਣੀ ਪਹਿਲੀ ਜਿੱਤ ਦੀ ਭਾਲ ਹੈ। ਪਹਿਲੇ ਤਿੰਨ ਮੈਚਾਂ ਵਿੱਚ ਇੰਗਲੈਂਡ, ਬੰਗਲਾਦੇਸ਼ ਅਤੇ ਭਾਰਤ ਤੋਂ ਹਾਰ ਮਗਰੋਂ ਫਾਫ ਡੂ ਪਲੈਸਿਸ ਦੀ ਅਗਵਾਈ ਵਾਲੀ ਟੀਮ ਦਾ ਅੱਗੇ ਦਾ ਰਾਹ ਕੰਢਿਆਂ ਭਰਿਆ ਹੈ। ਜੇਕਰ ਉਸ ਨੇ ਸੈਮੀ-ਫਾਈਨਲ ਵਿੱਚ ਥਾਂ ਬਣਾਉਣੀ ਹੈ ਤਾਂ ਬਾਕੀ ਬਚੇ ਛੇ ਮੈਚਾਂ ਵਿੱਚ ਉਸ ਨੂੰ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਹੋਵੇਗਾ। ਡੂ ਪਲੈਸਿਸ ਦੀ ਟੀਮ ਲਈ ਵੈਸਟ ਇੰਡੀਜ਼ ਦੀ ਚੁਣੌਤੀ ਤੋਂ ਪਾਰ ਪਾਉਣਾ ਸੌਖਾ ਨਹੀਂ ਹੋਵੇਗਾ, ਜਿਸ ਨੇ ਪਾਕਿਸਤਾਨ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਕੈਰੇਬਿਆਈ ਟੀਮ ਨੂੰ ਹਾਲਾਂਕਿ ਅਗਲੇ ਮੈਚ ਵਿੱਚ ਜ਼ਿਆਦਾਤਰ ਦਬਦਬਾ ਬਣਾਈ ਰੱਖਣ ਦੇ ਬਾਵਜੂਦ ਆਸਟਰੇਲੀਆ ਤੋਂ ਕਰੀਬੀ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਦੀ ਅਗਵਾਈ ਕਰਨ ਵਾਲਾ ਡੇਲ ਸਟੇਨ ਜ਼ਖ਼ਮੀ ਹੋਣ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਚੁੱਕਿਆ ਹੈ, ਜਦੋਂਕਿ ਤੇਜ਼ ਗੇਂਦਬਾਜ਼ ਲੁੰਗੀ ਨਗਿੜੀ ਵੀ ਅਨਫਿਟ ਹੈ ਅਤੇ ਉਸ ਦਾ ਖੇਡਣਾ ਸ਼ੱਕੀ ਹੈ। ਅਜਿਹੇ ਵਿੱਚ ਸਟੇਨ ਦੀ ਥਾਂ ਟੀਮ ਵਿੱਚ ਲਈ ਗਏ ਬਿਊਰਾਨ ਹੈਂਡਰਿਕਸ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਦੱਖਣੀ ਅਫਰੀਕਾ ਦੀ ਸਭ ਤੋਂ ਵੱਡੀ ਚਿੰਤਾ ਉਸ ਦੀ ਬੱਲੇਬਾਜ਼ੀ ਹੈ। ਜੇਕਰ ਉਸ ਨੇ ਪਹਿਲੀ ਜਿੱਤ ਦਰਜ ਕਰਨੀ ਹੈ ਤਾਂ ਉਸ ਦੇ ਬੱਲੇਬਾਜ਼ਾਂ ਨੂੰ ਵੈਸਟ ਇੰਡੀਜ਼ ਦੇ ਤੇਜ਼ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕਰਨਾ ਹੋਵੇਗਾ। ਹਾਸ਼ਿਮ ਅਮਲਾ, ਕਵਿੰਟਨ ਡੀ ਕਾਕ, ਡੂ ਪਲੈਸਿਸ, ਰੌਸੀ ਵਾਨ ਡਾਰ ਡੁਸੈਨ ਵਿੱਚੋਂ ਕੋਈ ਵੀ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ। ਟੀਮ ਦੇ ਖ਼ਰਾਬ ਪ੍ਰਦਰਸ਼ਨ ਮਗਰੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਏਬੀ ਡਿਵਿਲੀਅਰਜ਼ ਨੇ ਵਿਸ਼ਵ ਕੱਪ ਵਿੱਚ ਖੇਡਣ ਦੀ ਪੇਸ਼ਕਸ਼ ਕੀਤੀ ਸੀ, ਪਰ ਕ੍ਰਿਕਟ ਸਾਊਥ ਅਫਰੀਕਾ ਨੇ ਉਸ ਨੂੰ ਠੁਕਰਾ ਦਿੱਤਾ। ਟੀਮ ਪ੍ਰਬੰਧਨ ਚਾਹੁੰਦਾ ਹੈ ਕਿ ਅਜਿਹੀਆਂ ਚਰਚਾਵਾਂ ਤੋਂ ਹਟ ਕੇ ਖਿਡਾਰੀ ਆਪਣਾ ਪੂਰਾ ਧਿਆਨ ਖੇਡ ’ਤੇ ਕੇਂਦਰਿਤ ਕਰਨ।

VIA PUNJAB