ਵਿਸ਼ਵ ਕੱਪ: ਭਾਰਤ ਦੀ ਕੰਗਾਰੂਆਂ ’ਤੇ ਸ਼ਾਨਦਾਰ ਜਿੱਤ

ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਸੈਂਕੜੇ ਅਤੇ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਆਈਸੀਸੀ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਅੱਜ ਇੱਥੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾ ਦਿੱਤਾ। ਧਵਨ ਅਤੇ ਸੀਨੀਅਰ ਕ੍ਰਮ ਦੇ ਬੱਲੇਬਾਜ਼ਾਂ ਦੀ ਮਦਦ ਨਾਲ ਭਾਰਤ ਨੇ ਪੰਜ ਵਿਕਟਾਂ ’ਤੇ 352 ਦੌੜਾਂ ਬਣਾਈਆਂ, ਜਦੋਂਕਿ ਆਸਟਰੇਲਿਆਈ ਟੀਮ ਸਾਰੀਆਂ ਵਿਕਟਾਂ ਗੁਆ ਕੇ 50 ਓਵਰਾਂ ਵਿੱਚ 316 ਦੌੜਾਂ ਹੀ ਬਣਾ ਸਕੀ। ਭਾਰਤ ਦੀ ਇਹ ਲਗਾਤਾਰ ਦੂਜੀ ਜਿੱਤ, ਜਦੋਂਕਿ ਆਸਟਰੇਲੀਆ ਦੀ ਤਿੰਨ ਮੈਚਾਂ ਵਿੱਚ ਪਹਿਲੀ ਹਾਰ ਹੈ। ਭਾਰਤ ਦੀ ਇਸ ਜਿੱਤ ਨਾਲ ਉਸ ਦਾ ਆਸਟਰੇਲੀਆ ਖ਼ਿਲਾਫ਼ ਵਿਸ਼ਵ ਕੱਪ ਵਿੱਚ ਹਾਰ-ਿਜੱਤ ਦਾ ਰਿਕਾਰਡ 12-4 ਹੋ ਗਿਆ ਹੈ।ਆਸਟਰੇਲੀਆ ਦੇ ਬੱਲੇਬਾਜ਼ਾਂ ਡੇਵਿਡ ਵਾਰਨਰ (56 ਦੌੜਾਂ), ਸਟੀਵ ਸਮਿੱਥ (69 ਦੌੜਾਂ) ਅਤੇ ਅਲੈਕਸ ਕੈਰੀ (52 ਦੌੜਾਂ) ਨੇ ਨੀਮ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ, ਜਦੋਂਕਿ ਉਸਮਾਨ ਖਵਾਜਾ ਨੇ 42 ਦੌੜਾਂ ਅਤੇ ਆਰੋਨ ਫਿੰਚ ਨੇ 36 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਵੱਲੋਂ ਸਭ ਤੋਂ ਵੱਧ ਵਿਕਟਾਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (61 ਦੌੜਾਂ ਦੇ ਕੇ ਤਿੰਨ ਵਿਕਟਾਂ) ਨੇ ਲਈਆਂ, ਜਦੋਂਕਿ ਭੁਵਨੇਸ਼ਵਰ ਕੁਮਾਰ (48 ਦੌੜਾਂ ਦੇ ਕੇ ਦੋ) ਅਤੇ ਯੁਜ਼ਵੇਂਦਰ ਚਾਹਲ (62 ਦੌੜਾਂ ਦੇ ਕੇ) ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।‘ਮੈਨ ਆਫ਼ ਦਿ ਮੈਚ’ ਬਣੇ ਧਵਨ ਨੇ 109 ਗੇਂਦਾਂ ਵਿੱਚ 16 ਚੌਕਿਆਂ ਦੀ ਮਦਦ ਨਾਲ 117 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਸਾਥੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (57 ਦੌੜਾਂ) ਨਾਲ ਪਹਿਲੀ ਵਿਕਟ ਲਈ 127 ਅਤੇ ਕਪਤਾਨ ਵਿਰਾਟ ਕੋਹਲੀ (82 ਦੌੜਾਂ) ਨਾਲ ਦੂਜੀ ਵਿਕਟ ਲਈ 93 ਦੌੜਾਂ ਦੀ ਭਾਈਵਾਲੀ ਕੀਤੀ। ਕੋਹਲੀ ਨੇ ਹਾਰਦਿਕ ਪਾਂਡਿਆ (27 ਗੇਂਦਾਂ ਵਿੱਚ 48 ਦੌੜਾਂ) ਨਾਲ ਤੀਜੀ ਵਿਕਟ ਲਈ 9.5 ਓਵਰਾਂ ਵਿੱਚ 81 ਦੌੜਾਂ ਅਤੇ ਮਹਿੰਦਰ ਸਿੰਘ ਧੋਨੀ (14 ਗੇਂਦਾਂ ਵਿੱਚ 27 ਦੌੜਾਂ) ਨਾਲ 37 ਦੌੜਾਂ ਦੀ ਤੇਜ਼ਤਰਾਰ ਭਾਈਵਾਲੀ ਕੀਤੀ, ਜਿਸ ਨਾਲ ਭਾਰਤ ਆਖ਼ਰੀ ਦਸ ਓਵਰਾਂ ਵਿੱਚ 116 ਦੌੜਾਂ ਜੋੜ ਕੇ ਆਸਟਰੇਲੀਆ ਖ਼ਿਲਾਫ਼ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਸਕੋਰ ਖੜ੍ਹਾ ਕਰਨ ਵਾਲੀ ਟੀਮ ਬਣੀ। ਕੋਹਲੀ ਨੇ 77 ਗੇਂਦਾਂ ਦੀ ਆਪਣੀ ਪਾਰੀ ਦੌਰਾਨ ਦੋ ਛੱਕੇ ਅਤੇ ਚਾਰ ਚੌਕੇ ਮਾਰੇ। ਆਸਟਰੇਲੀਆ ਵੱਲੋਂ ਮਾਰਕਸ ਸਟੌਈਨਿਸ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 62 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

VIA PUNJAB