ਅਮਰੀਕਾ ਨੇ ਪਾਕਿ ਦੀ 1.66 ਅਰਬ ਡਾਲਰ ਦੀ ਸਹਾਇਤਾ ਰੋਕੀ

ਵਾਸ਼ਿੰਗਟਨ – ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 1.66 ਅਰਬ ਡਾਲਰ ਦੀ ਸੁਰੱਖਿਆ ਸਹਾਇਤਾ ਨੂੰ ਰੋਕ ਲਿਆ ਹੈ। ਪੈਂਟਾਗਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਸ ਸਾਲ ਦੇ ਸ਼ੁਰੂ ’ਚ ਦਿੱਤੇ ਗਏ ਨਿਰਦੇਸ਼ਾਂ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ। ਰੱਖਿਆ ਵਿਭਾਗ ਦੇ ਤਰਜਮਾਨ ਕਰਨਲ ਰੋਬ ਮੈਨਿੰਗ ਨੇ ਪੱਤਰਕਾਰਾਂ ਨੂੰ ਈ-ਮੇਲ ਰਾਹੀਂ ਸਵਾਲਾਂ ਦੇ ਦਿੱਤੇ ਜਵਾਬ ’ਚ ਇਹ ਜਾਣਕਾਰੀ ਦਿੱਤੀ। ਪਿਛਲੀ ਓਬਾਮਾ ਸਰਕਾਰ ’ਚ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਮੱਧ ਏਸ਼ੀਆ ਮਾਮਲਿਆਂ ਦੇ ਰੱਖਿਆ ਬਾਰੇ ਉਪ ਸਹਾਇਕ ਸਕੱਤਰ ਡੇਵਿਡ ਸੇਡਨੀ ਨੇ ਕਿਹਾ ਕਿ ਪਾਕਿਸਤਾਨ ਨੇ ਅਮਰੀਕੀ ਚਿੰਤਾਵਾਂ ਦੇ ਹੱਲ ਲਈ ਕੋਈ ਗੰਭੀਰ ਯਤਨ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਕਸਰ ਅਜਿਹੇ ਅਨਸਰਾਂ ਨੂੰ ਸ਼ਹਿ ਦਿੰਦਾ ਰਿਹਾ ਹੈ ਜੋ ਗੁਆਂਢੀ ਮੁਲਕਾਂ ’ਚ ਦਹਿਸ਼ਤ ਫੈਲਾਉਂਦੇ ਰਹੇ ਹਨ। ਸੇਡਨ ਮੁਤਾਬਕ ਜੇਕਰ ਪਾਕਿਸਤਾਨ, ਭਾਰਤ ਖ਼ਿਲਾਫ਼ ਦਹਿਸ਼ਤੀ ਕਾਰਵਾਈਆਂ ਕਰਨ ਵਾਲੇ ਗੁੱਟਾਂ ਖ਼ਿਲਾਫ਼ ਕਦਮ ਉਠਾਉਂਦਾ ਹੈ ਤਾਂ ਉਸ ਨੂੰ ਆਰਥਿਕ ਫਾਇਦੇ ਦੇ ਨਾਲ ਨਾਲ ਭਾਰਤ ਨਾਲ ਰਿਸ਼ਤੇ ਬਿਹਤਰ ਬਣਾਉਣ ’ਚ ਸਹਿਯੋਗ ਮਿਲੇਗਾ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ,‘‘ਪਾਕਿਸਤਾਨ ਦੇ ਆਗੂ ਜ਼ੁਬਾਨੀ ਸਹਿਯੋਗ ਦਾ ਵਾਅਦਾ ਕਰਦੇ ਰਹੇ ਪਰ ਉਨ੍ਹਾਂ ਹਕੀਕੀ ਰੂਪ ’ਚ ਕੋਈ ਕਦਮ ਨਹੀਂ ਉਠਾਇਆ। ਇਸ ਕਾਰਨ ਰਾਸ਼ਟਰਪਤੀ ਟਰੰਪ ਅਤੇ ਅਮਰੀਕੀ ਨਿਰਾਸ਼ ਹੋ ਗਏ ਹਨ।’’ ਸ੍ਰੀ ਸੇਡਨੀ ਪੈਂਟਾਗਨ ਦਾ ਹਿੱਸਾ ਵੀ ਰਹੇ ਹਨ ਜਦੋਂ ਉਸਾਮਾ ਬਿਨ ਲਾਦੇਨ ਨੂੰ ਐਬਟਾਬਾਦ ’ਚ ਅਮਰੀਕੀ ਕਮਾਂਡੋ ਨੇ ਮਾਰ ਸੁੱਟਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਤਾਲਿਬਾਨ ਖ਼ਿਲਾਫ਼ ਸਖ਼ਤ ਕਦਮ ਉਠਾਉਂਦਾ ਹੈ ਤਾਂ ਅਫ਼ਗਾਨਿਸਤਾਨ ’ਚ ਛੇਤੀ ਸ਼ਾਂਤੀ ਆ ਸਕਦੀ ਹੈ।

VIA PUNJAB