ਅਮਰੀਕੀ ਜੱਜ ਦਾ ਆਦੇਸ਼, ਉੱਤਰੀ ਕੋਰੀਆ ਦੇਵੇ 50 ਕਰੋੜ ਡਾਲਰ ਹਰਜ਼ਾਨਾ

ਵਾਸ਼ਿੰਗਟਨ – ਅਮਰੀਕਾ ਦੀ ਇਕ ਫੈਡਰਲ ਅਦਾਲਤ ਨੇ ਸੋਮਵਾਰ ਨੂੰ ਉੱਤਰੀ ਕੋਰੀਆ ਨੂੰ ਓਟੋ ਵਾਰਮਬਿਅਰ ਦੀ ਬੁਰੀ ਤਰ੍ਹਾਂ ਨਾਲ ਮੌਤ ਦੇ ਮਾਮਲੇ ਵਿਚ 50 ਕਰੋੜ ਡਾਲਰ ਤੋਂ ਜ਼ਿਆਦਾ ਦਾ ਹਰਜ਼ਾਨਾ ਦੇਣ ਦਾ ਆਦੇਸ਼ ਦਿੱਤਾ ਹੈ। ਇਹ ਆਦੇਸ਼ ਉਸ ਦਾਅਵੇ ‘ਤੇ ਦਿੱਤਾ ਗਿਆ ਜੋ ਵਾਰਮਬਿਅਰ ਦੇ ਪਰਿਵਾਰ ਵਾਲਿਆਂ ਨੇ ਦਾਖਲ ਕੀਤਾ ਸੀ। ਅਮਰੀਕੀ ਜ਼ਿਲਾ ਜੱਜ ਬੇਰਿਲ ਹੋਵੇਲ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਾਰਮਬਿਅਰ ਨਾਲ ਹੋਏ ਦੁਰਵਿਵਹਾਰ ਲਈ ਉੱਤਰੀ ਕੋਰੀਆ ਦੀ ਤਿੱਖੀ ਨਿੰਦਾ ਕੀਤੀ ਅਤੇ ਕਿਹਾ ਕਿ ਉੱਤਰੀ ਕੋਰੀਆ ਨੂੰ ਉਸ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਜਾਵੇ। ਉਨ੍ਹਾਂ ਨੇ ਫਰੈਡ ਅਤੇ ਸਿੰਡੀ ਵਾਰਮਬਿਅਰ ਨੂੰ ਮੈਡੀਕਲ ਖਰਚਿਆਂ, ਆਰਥਿਕ ਨੁਕਸਾਨ ਅਤੇ ਦਰਦ ਦੇ ਹਰਜ਼ਾਨੇ ਦੇ ਰੂਪ ਵਿਚ ਇਹ ਰਾਸ਼ੀ ਦੇਣ ਦਾ ਆਦੇਸ਼ ਦਿੱਤਾ ਹੈ। ਦੋਹਾਂ ਦਾ ਦੋਸ਼ ਸੀ ਕਿ ਉਨ੍ਹਾਂ ਦੇ ਬੇਟੇ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਅਤੇ ਉਸ ਨੂੰ ਤਸੀਹੇ ਦਿੱਤੇ ਗਏ। ਵਾਰਮਬਿਅਰ ਵਰਜੀਨੀਆ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਉਹ ਇਕ ਯਾਤਰਾ ਸਮੂਹ ਨਾਲ ਉੱਤਰੀ ਕੋਰੀਆ ਗਿਆ ਸੀ। ਉੱਥੇ ਉਸ ਨੂੰ ਪ੍ਰਚਾਰ-ਪ੍ਰਸਾਰ ਦਾ ਇਕ ਪੋਸਟਰ ਚੋਰੀ ਕਰਨ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿਚ 15 ਸਾਲ ਦੀ ਕਠਿਨ ਕਿਰਤ ਕਰਨ ਦੀ ਸਜ਼ਾ ਸੁਣਾਈ ਗਈ। ਅਮਰੀਕਾ ਪਰਤਨ ਦੇ ਤੁਰੰਤ ਬਾਅਦ ਜੂਨ 2017 ਵਿਚ ਉਸ ਦੀ ਮੌਤ ਹੋ ਗਈ ਸੀ।

VIA PUNJAB