ਅਮਰੀਕੀ ਸਰਕਾਰ ਦਾ ਕੰਮਕਾਜ ਅਗਲੇ ਹਫਤੇ ਵੀ ਰਹੇਗਾ ਠੱਪ

ਵਾਸ਼ਿੰਗਟਨ – ਅਮਰੀਕੀ ਸਰਕਾਰ ਦਾ ਕੰਮਕਾਜ ਅਗਲੇ ਹਫਤੇ ਵੀ ਠੱਪ ਰਹੇਗਾ। ਸੰਸਦ ਮੈਂਬਰ ਅਮਰੀਕਾ-ਮੈਕਸੀਕੋ ਸਰਹੱਦੀ ਕੰਧ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੰਗ ਨੂੰ ਲੈ ਕੇ ਪੈਦਾ ਹੋਏ ਗਤੀਰੋਧ ਨੂੰ ਵੀਰਵਾਰ ਨੂੰ ਵੀ ਹੱਲ ਕਰਨ ਵਿਚ ਅਸਫਲ ਰਹੇ ਜਿਸ ਮਗਰੋਂ ਇਹ ਸੰਕਟ ਹੋਰ ਵੱਧ ਗਿਆ। ਕ੍ਰਿਸਮਸ ਦੀ ਅਧਿਕਾਰਕ ਛੁੱਟੀ ਦੇ ਬਾਅਦ ਕੁਝ ਮਿੰਟ ਲਈ ਬੁਲਾਈ ਗਈ ਸੈਨੇਟ ਦੀ ਬੈਠਕ ਵਿਚ ਅਗਲੇ ਬੁੱਧਵਾਰ ਨੂੰ ਬਜਟ ‘ਤੇ ਚਰਚਾ ਕਰਨ ਦਾ ਫੈਸਲਾ ਕੀਤਾ ਗਿਆ। ਇਹ ਰੀਪਬਲਿਕਨ ਦੇ ਕੰਟਰੋਲ ਵਾਲੀ ਕਾਂਗਰਸ ਦਾ ਆਖਿਰੀ ਦਿਨ ਹੋਵੇਗਾ। ਇਸ ਦੇ ਨਾਲ ਹੀ ਸਰਕਾਰ ਦਾ ਕੰਮਕਾਜ 12 ਦਿਨ ਤੱਕ ਠੱਪ ਰਹਿਣਾ ਲੱਗਭਗ ਤੈਅ ਹੈ।ਡੈਮੋਕ੍ਰੇਟਸ ਨੇ ਟਰੰਪ ਦੀ ਸਰਹੱਦ ‘ਤੇ ਕੰਧ ਬਣਾਉਣ ਦੇ ਪ੍ਰਾਜੈਕਟ ਲਈ 5 ਅਰਬ ਡਾਲਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਟਰੰਪ ਇਸ ਗੱਲ ‘ਤੇ ਜ਼ੋਰ ਦੇ ਰਹੇ ਹਨ ਕਿ ਜਦੋਂ ਤੱਕ ਉਨ੍ਹਾਂ ਨੂੰ ਧਨ ਨਹੀਂ ਮਿਲੇਗਾ ਉਦੋਂ ਤੱਕ ਉਹ ਸਰਕਾਰ ਨੂੰ ਬਜਟ ਨਹੀਂ ਦੇਣਗੇ। ਵ੍ਹਾਈਟ ਹਾਊਸ ਦੀ ਬੁਲਾਰਨ ਸਾਰਾ ਸੈਂਡਰਸ ਨੇ ਡੈਮੋਕ੍ਰੇਟਸ ‘ਤੇ ਅਮਰੀਕੀ ਨਾਗਰਿਕਾਂ ਦੀ ਬਜਾਏ ਗੈਰ ਕਾਨੂੰਨ ਸ਼ਰਨਾਰਥੀਆਂ ਦੀ ਰੱਖਿਆ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਟਰੰਪ ਉਸ ਪ੍ਰਸਤਾਵ ‘ਤੇ ਦਸਤਖਤ ਨਹੀਂ ਕਰਨਗੇ ਜਿਸ ਵਿਚ ਸਾਡੇ ਦੇਸ਼ ਦੀ ਸੁਰੱਖਿਆ ਨੂੰ ਤਰਜੀਹ ਨਹੀਂ ਦਿੱਤੀ ਜਾਵੇਗੀ। ਇਸ ਸੰਕਟ ਦੇ ਕਾਰਨ ਕਰੀਬ 800,000 ਫੈਡਰਲ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲ ਰਹੀ। ਟਰੰਪ ਨੇ ਵੀਰਵਾਰ ਨੂੰ ਟਵੀਟ ਕਰ ਕੇ ਇਕ ਵਾਰ ਫਿਰ ਡੈਮੋਕ੍ਰੇਟਸ ‘ਤੇ ਦੋਸ਼ ਲਗਾਇਆ ਕਿ ਉਹ ਗੈਰ ਕਾਨੂੰਨੀ ਸ਼ਰਨਾਰਥੀਆਂ, ਖੁੱਲ੍ਹੀ ਦੱਖਣੀ ਸੀਮਾ ਅਤੇ ਉੱਥੇ ਹੋਣ ਵਾਲੇ ਅਪਰਾਧਾਂ ਨੂੰ ਵਧਾਵਾ ਦੇਣਾ ਚਾਹੁੰਦੇ ਹਨ। ਉਨ੍ਹਾਂ ਨੇ ਇਕ ਹੋਰ ਟਵੀਟ ਵਿਚ ਕਿਹਾ,”ਨਸ਼ੀਲੇ ਪਦਾਰਥ, ਮਨੁੱਖੀ ਤਸਕਰੀ, ਸਾਡੇ ਦੇਸ਼ ਵਿਚ ਆ ਰਿਹੇ ਗਿਰੋਹ ਦੇ ਮੈਂਬਰਾਂ ਅਤੇ ਅਪਰਾਧੀਆਂ ਨੂੰ ਰੋਕਣ ਦੀ ਲੋੜ ਹੈ।” ਉਹ ਕੰਧ ਬਣਾਉਣ ਵਿਚ ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਰੁਕਾਵਟ ਪਾਉਣ ‘ਤੇ ਵੀ ਜੰਮ ਕੇ ਬੋਲੇ।

VIA PUNJAB