ਅੱਜ ਅਫ਼ਗਾਨਿਸਤਾਨ ਖ਼ਿਲਾਫ਼ ਉਤਰੇਗਾ ਆਸਟਰੇਲੀਆ

ਲੰਡਨ – ਪੰਜ ਵਾਰ ਦਾ ਚੈਂਪੀਅਨ ਆਸਟਰੇਲੀਆ ਵਿਸ਼ਵ ਕੱਪ ਵਿੱਚ ਸ਼ਨਿੱਚਰਵਾਰ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰੇਗੀ ਤਾਂ ਉਸ ਦੀਆਂ ਨਜ਼ਰਾਂ ਸਟੀਵ ਸਮਿੱਥ ਅਤੇ ਡੇਵਿਡ ਵਾਰਨਰ ’ਤੇ ਲੱਗੀਆਂ ਹੋਣਗੀਆਂ। ਆਸਟਰੇਲੀਆ ਦੇ ਸਟਾਰ ਬੱਲੇਬਾਜ਼ਾਂ ’ਤੇ ਗੇਂਦ ਨਾਲ ਛੇੜਛਾੜ ਮਾਮਲੇ ਵਿੱਚ ਇੱਕ ਸਾਲ ਦੀ ਪਾਬੰਦੀ ਝੱਲਣ ਮਗਰੋਂ ਕੌਮਾਂਤਰੀ ਕ੍ਰਿਕਟ ਵਿੱਚ ਦੋਵਾਂ ਨੇ ਸ਼ਾਨਦਾਰ ਲੈਅ ਨਾਲ ਵਾਪਸੀ ਕੀਤੀ ਹੈ। ਵਿਸ਼ਵ ਕੱਪ ਤੋਂ ਠੀਕ ਪਹਿਲਾਂ ਆਈਪੀਐਲ ਵਿੱਚ ਵਾਰਨਰ ਨੇ ਸਭ ਤੋਂ ਵੱਧ 692 ਦੌੜਾਂ, ਜਦਕਿ ਸਮਿੱਥ ਨੇ ਇੰਗਲੈਂਡ ਖ਼ਿਲਾਫ਼ ਅਭਿਆਸ ਮੈਚ ਵਿੱਚ ਸੈਂਕੜਾ ਮਾਰਿਆ ਸੀ। ਮੌਜੂਦਾ ਚੈਂਪੀਅਨ ਲਈ ਪਿਛਲਾ ਸਾਲ ਉਤਰਾਅ-ਚੜ੍ਹਾਅ ਵਾਲਾ ਰਿਹਾ ਹੈ, ਪਰ ਆਰੋਨ ਫ਼ਿਚ ਦੀ ਅਗਵਾਈ ਵਿੱਚ ਟੀਮ ਨੇ ਸਹੀ ਸਮੇਂ ’ਤੇ ਵਾਪਸੀ ਕੀਤੀ ਹੈ। ਇਸ ਵਾਰ ਵੀ ਇਹ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰਾਂ ਵਿੱਚ ਸ਼ੁਮਾਰ ਹੈ।ਪੰਜ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ ਭਾਰਤ ਨੂੰ 3-2 ਨਾਲ ਹਰਾਉਣ ਵਾਲੀ ਆਸਟਰੇਲਿਆਈ ਟੀਮ ਨੇ ਸਮਿੱਥ ਅਤੇ ਵਾਰਨਰ ਦਾ ਸ਼ਾਨਦਾਰ ਸਵਾਗਤ ਕੀਤਾ। ਉਸ ਨੂੰ ਹਾਲਾਂਕਿ ਇੰਗਲੈਂਡ ਦੇ ਪ੍ਰਸ਼ੰਸਕਾਂ ਦੀ ਹੂਟਿੰਗ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਸਾਬਕਾ ਕਪਤਾਨ ਸਮਿੱਥ ਨੂੰ ਅਭਿਆਸ ਮੈਚ ਦੌਰਾਨ ‘ਧੋਖੇਬਾਜ਼’ ਵਰਗੇ ਸ਼ਬਦ ਸੁਣਨੇ ਪਏ ਸਨ।ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬਰੈੱਟ ਲੀ ਨੂੰ ਇਸ ਜੋੜੀ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ, ਪਰ ਉਸ ਨੇ ਕਿਹਾ ਕਿ ਇੰਗਲੈਂਡ ਵਿੱਚ ਦੋਵਾਂ ਨੂੰ ਧੀਰਜ ਨਾਲ ਕੰਮ ਲੈਣਾ ਹੋਵੇਗਾ।

VIA PUNJAB