ਆਜ਼ਾਦੀ ਦਿਹਾੜੇ ਤੋਂ ਪਹਿਲਾਂ ਇਮਰਾਨ ਹੱਥ ਹੋਏਗੀ ਦੇਸ਼ ਦੀ ਕਮਾਨ

ਇਸਲਾਮਾਬਾਦ: ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਤੇ ਚਾਰ ਸੂਬਾ ਅਸੈਂਬਲੀਆਂ ਦੀਆਂ ਚੋਣਾਂ ਵਿੱਚ ਇਮਰਾਨ ਖਾਨ ਦੀ ਪੀਟੀਆਈ ਨੂੰ ਨੈਸ਼ਨਲ ਅਸੈਂਬਲੀ ਵਿੱਚ 116 ਸੀਟਾਂ ਹਾਸਲ ਹੋਈਆਂ ਹਨ। ਤਾਜ਼ਾ ਜਾਣਕਾਰੀ ਮੁਤਾਬਕ ਤਹਿਰੀਕ-ਏ-ਇਨਸਾਫ ਦੇ ਇਮਰਾਨ ਖਾਨ 14 ਅਗਸਤ ਤੋਂ ਪਹਿਲਾਂ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਕੁੱਲ 270 ਸੀਟਾਂ ਲਈ ਚੋਣਾਂ ਕਰਾਈਆਂ ਗਈਆਂ ਸਨ, ਲਿਹਾਜ਼ਾ ਇਮਰਾਨ ਖਾਨ ਨੂੰ ਬਹੁਮਤ ਲਈ 20 ਹੋਰ ਸੀਟਾਂ ਦੀ ਦਰਕਾਰ ਹੈ। ਨਵਾਜ਼ ਸ਼ਰੀਫ ਤੇ ਬਿਲਾਵਲ ਭੁੱਟੋ ਕੋਲੋਂ ਸਮਰਥਨ ਲੈਣੋਂ ਕੀਤਾ ਇਨਕਾਰ ਇਮਰਾਨ ਖਾਨ ਨੇ ਨਵਾਜ਼ ਸ਼ਰੀਫ ਦੀ ਪੀਐਮਐਲ-ਐਨ ਤੇ ਬਿਲਾਵਲ ਭੁੱਟੋ ਦੀ ਪੀਪੀਪੀ ਨੂੰ ਭ੍ਰਿਸ਼ਟ ਕਰਾਰ ਦਿੰਦਿਆਂ ਉਨ੍ਹਾਂ ਦਾ ਸਮਰਥਨ ਲੈਣੋਂ ਇਨਕਾਰ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਨਿਰਦਲੀਆਂ ਤੇ ਇੱਕ ਛੋਟੇ ਦਲ ਦੀ ਮਦਦ ਨਾਲ ਗਠਜੋੜ ਦੀ ਸਰਕਾਰ ਬਣਾ ਸਕਦੇ ਹਨ। ਪੀਟੀਆਈ ਦੇ ਸੀਨੀਅਰ ਬੁਲਾਰੇ ਫੈਸਲ ਜਾਵੇਦ ਖਾਨ ਨੇ ਦੱਸਿਆ ਕਿ ਮੁੱਤਾਹਿਦਾ ਕੌਮੀ ਮੁਵਮੈਂਟ (ਐਮਿਕਿਊਐਮ) ਨਾਲ ਗੱਲਬਾਤ ਚੱਲ ਰਹੀ ਹੈ। ਐਮਿਕਿਊਐਮ ਨੂੰ ਇਨ੍ਹਾਂ ਚੋਣਾਂ ਵਿੱਚ ਛੇ ਸੀਟਾਂ ਮਿਲੀਆਂ ਹਨ ਜਦੋਂਕਿ ਨਿਰਦਲੀਆਂ ਦੇ ਖਾਤੇ ਵਿੱਚ 13 ਸੀਟਾਂ ਆਈਆਂ ਹਨ। ਫੈਸਲ ਨੇ ਦੱਸਿਆ ਕਿ ਇਮਰਾਨ ਖਾਨ ਪਾਕਿਸਤਾਨ ਦੇ ਆਜ਼ਾਦੀ ਦਿਵਸ 14 ਅਗਸਤ ਵਾਲੇ ਦਿਨ ਪ੍ਰਧਾਨ ਮੰਤਰੀ ਦੀ ਸਹੁੰ ਚੁੱਕ ਸਕਦੇ ਹਨ।

VIA PUNJAB