ਆਸਕਰ ਵਿਚ ਕੋਰਿਆਈ ਫ਼ਿਲਮ ‘ਪੈਰਾਸਾਈਟ’ ਨੇ ਸਿਰਜਿਆ ਇਤਿਹਾਸ

ਸਮਾਜਿਕ ਨਾ-ਬਰਾਬਰੀ ’ਤੇ ਤਿੱਖਾ ਵਿਅੰਗ ਕਰਦੀ ਕੋਰਿਆਈ ਫ਼ਿਲਮ ‘ਪੈਰਾਸਾਈਟ’ ਨੇ ਬਿਹਤਰੀਨ ਫ਼ਿਲਮ ਦਾ ਆਸਕਰ ਐਵਾਰਡ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਸਰਵੋਤਮ ਫ਼ਿਲਮ ਦਾ ਖ਼ਿਤਾਬ ਜਿੱਤਣ ਵਾਲੀ ਇਹ ਪਹਿਲੀ ਗ਼ੈਰ ਅੰਗਰੇਜ਼ੀ ਫ਼ਿਲਮ ਹੈ। ਬੌਂਗ ਜੂਨ ਹੋ ਦੀ ਫ਼ਿਲਮ ਨੇ ਸਬ-ਟਾਈਟਲ ਦਾ ਅੜਿੱਕਾ ਪਾਰ ਕਰ ਕੇ ਬਿਹਤਰੀਨ ਨਿਰਦੇਸ਼ਕ ਤੇ ਪਟਕਥਾ ਦਾ ਐਵਾਰਡ ਵੀ ਹਾਸਲ ਕੀਤਾ ਹੈ। ਫ਼ਿਲਮ ਨੂੰ ਸਰਵੋਤਮ ਕੌਮਾਂਤਰੀ ਫ਼ੀਚਰ ਦਾ ਆਸਕਰ ਵੀ ਮਿਲਿਆ ਹੈ। ਬਿਹਤਰੀਨ ਫ਼ਿਲਮ ਦਾ ਖ਼ਿਤਾਬ ਹਾਸਲ ਕਰ ਕੇ ‘ਪੈਰਾਸਾਈਟ’ ਨੇ ਆਸਕਰ ਦਾ 92 ਸਾਲ ਦਾ ਇਤਿਹਾਸ ਬਦਲ ਦਿੱਤਾ ਹੈ। ਜੋਆਕਿਨ ਫ਼ੀਨਿਕਸ ਨੂੰ ‘ਜੋਕਰ’ ਲਈ ਸਰਵੋਤਮ ਅਦਾਕਾਰ ਤੇ ਰੀਨੀ ਜ਼ੈੱਲਵੀਗਰ ਨੂੰ ‘ਜੂਡੀ’ ਲਈ ਬਿਹਤਰੀਨ ਅਦਾਕਾਰਾ ਦਾ ਖ਼ਿਤਾਬ ਮਿਲਿਆ ਹੈ। ਇਸ ਤੋਂ ਇਲਾਵਾ ਬਰੈਡ ਪਿੱਟ ਨੂੰ ‘ਵੰਸ ਅਪੌਨ ਏ ਟਾਈਮ ਇਨ ਹੌਲੀਵੁੱਡ’ ਲਈ ਬਿਹਤਰੀਨ ਸਹਾਇਕ ਅਦਾਕਾਰ ਤੇ ਲੌਰਾ ਡਰਨ ਨੂੰ ‘ਮੈਰਿਜ ਸਟੋਰੀ’ ਲਈ ਬਿਹਤਰੀਨ ਸਹਾਇਕ ਅਦਾਕਾਰਾ ਦਾ ਖ਼ਿਤਾਬ ਮਿਲਿਆ ਹੈ। ਬੌਂਗ ਨੇ ਇਸ ਮੌਕੇ ਕਿਹਾ ਕਿ ਉਸ ਦਿਨ ਦਾ ਇੰਤਜ਼ਾਰ ਹੈ ਜਦ ਵਿਦੇਸ਼ੀ ਫ਼ਿਲਮਾਂ ਨੂੰ ਆਸਕਰ ਮਿਲਣਾ ਕੋਈ ਵੱਡੀ ਗੱਲ ਨਹੀਂ ਹੋਵੇਗੀ। ਹਾਲੀਵੁੱਡ ਦੇ ਡੌਲਬੀ ਥੀਏਟਰ ਵਿਚ ਹੋਏ ਸਨਮਾਨ ਸਮਾਗਮ ਦੌਰਾਨ ਗਾਇਕਾ ਦੇ ਅਭਿਨੇਤਰੀ ਜੈਨੇਲ ਨੇ ਔਰਤਾਂ ਨਿਰਦੇਸ਼ਕਾਂ ਨੂੰ ਘੱਟ ਨਾਮਜ਼ਦਗੀ ਮਿਲਣ ਦਾ ਮੁੱਦਾ ਚੁੱਕਿਆ। ਫ਼ੀਨਿਕਸ ਨੇ ਕਿਹਾ ਕਿ ਅਸੀਂ ਅੱਜ ਕਹਿ ਰਹੇ ਹਾਂ ਕਿ ਕੋਈ ਇਕ ਮੁਲਕ, ਨਸਲ ਤੇ ਲਿੰਗ, ਦੂਜੇ ਨੂੰ ਦਬਾਉਣ ਜਾਂ ਆਪਣੇ ਲਾਭ ਲਈ ਵਰਤਣ ਦਾ ਹੱਕ ਨਹੀਂ ਰੱਖਦੇ।

VIA PUNJAB