ਆਸਟਰੇਲੀਆ ਵਿਰੁੱਧ ਵਨ ਡੇ ਟੀਮ ‘ਚ ਵਾਪਸੀ ਦੀ ਉਮੀਦ : ਹਾਰਦਿਕ ਪੰਡਯਾ

ਅਹਿਮਦਾਬਾਦ – ਸੱਟ ਕਾਰਨ ਲਗਭਗ ਦੋ ਮਹੀਨੇ ਤੋਂ ਟੀਮ ਇੰਡੀਆ ‘ਚੋਂ ਬਾਹਰ ਰਹੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਇਕ ਵਾਰ ਫਿਰ ਗੇਂਦਬਾਜ਼ੀ ਤੇ ਬੱਲੇਬਾਜ਼ੀ ਦਾ ਅਭਿਆਸ ਸ਼ੁਰੂ ਕਰ ਦਿੱਤਾ ਹੈ ਤੇ ਉਸ ਨੂੰ ਪੂਰੀ ਉਮੀਦ ਹੈ ਕਿ ਆਸਟਰੇਲੀਆ ਵਿਚ ਆਗਾਮੀ ਜਨਵਰੀ ਵਿਚ ਹੋਣ ਵਾਲੀ ਇਕ ਦਿਨਾ ਸੀਰੀਜ਼ ਤਕ ਉਸਦੀ ਟੀਮ ਵਿਚ ਨਿਸ਼ਚਿਤ ਤੌਰ ‘ਤੇ ਵਾਪਸੀ ਹੋ ਜਾਵੇਗੀ। ਹਾਰਦਿਕ ਨੇ ਇੱਥੇ ਇੱਥੇ ਕਿਹਾ ਕਿ ਪਿਛਲੇ ਇਕ ਹਫਤੇ ਤੋਂ ਉਹ ਮੁੰਬਈ ਵਿਚ ਨਿੱਜੀ ਤੌਰ ‘ਤੇ ਗੇਂਦਬਾਜ਼ੀ ਤੇ ਬੱਲੇਬਾਜ਼ੀ ਦਾ ਅਭਿਆਸ ਕਰ ਚੁੱਕਾ ਹੈ। ਉਹ ਜਲਦ ਤੋਂ ਜਲਦ ਟੀਮ ਵਿਚ ਵਾਪਸੀ ਕਰਨਾ ਚਾਹੁੰਦਾ ਹੈ ਤੇ ਉਸ ਨੂੰ ਪੂਰੀ ਉਮੀਦ ਹੈ ਕਿ ਜਨਵਰੀ ਵਿਚ ਆਸਟਰੇਲੀਆ ਵਿਚ ਵਨ ਡੇ ਲੜੀ ਲਈ ਉਹ ਟੀਮ ਵਿਚ ਹੋਵੇਗਾ। ਉਸ ਨੇ ਕਿਹਾ ਕਿ ਗੇਂਦਬਾਜ਼ੀ ਦਾ ਅਭਿਆਸ ਚੰਗਾ ਚੱਲ ਰਿਹਾ ਹੈ ਤੇ ਉਮੀਦ ਹੈ ਕਿ ਉਸਦੀ ਵਾਪਸੀ ਵੀ ਜ਼ਬਰਦਸਤ ਹੋਵੇਗੀ। ਉਹ ਟੈਸਟ ਤੇ ਟੀ-20 ਮੈਚਾਂ ਦਾ ਇਕ ਦਰਸ਼ਕ ਦੀ ਤਰ੍ਹਾਂ ਮਜ਼ਾ ਲਵੇਗਾ। ਆਸਟਰੇਲੀਆ ਤੇ ਭਾਰਤ ਦੋਵੇਂ ਹੀ ਟੀਮਾਂ ਮਜ਼ਬੂਤ ਹਨ ਪਰ ਜਿੱਤ ਉਸਦੀ ਹੀ ਹੋਵੇਗੀ, ਜਿਹੜੀ ਬਿਹਤਰੀਨ ਪ੍ਰਦਰਸ਼ਨ ਕਰੇਗੀ।

VIA PUNJAB