ਇਗਲੈਂਡ ਤੋਂ 14 ਨੌਜਵਾਨਾਂ ਦਾ ਪਹਿਲਾ ਗਰੁੱਪ ਪੰਜਾਬ ਪਹੁੰਚਿਆ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਦਾ ਸ਼ਾਨਦਾਰ ਸਵਾਗਤ

16 ਅਗਸਤ ਤੱਕ ਧਾਰਮਿਕ, ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ ਵਾਲੀਆਂ ਥਾਵਾਂ ਦਾ ਕਰਨਗੇ ਦੌਰਾ
ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ੇਸ਼ ਪ੍ਰੋਗਰਾਮ ‘ਆਪਣੀਆਂ ਜੜਾਂ ਨਾਲ ਜੁੜੋ’ ਤਹਿਤ ਇੰਗਲੈਂਡ ਤੋਂ 14 ਨੌਜਵਾਨਾਂ ਦਾ ਪਹਿਲਾ ਬੈਚ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਿਆ ਜਿੱਥੇ ਉਨਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਇਹ ਗਰੁੱਪ 7 ਤੋਂ 16 ਅਗਸਤ ਤੱਕ ਸੂਬੇ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕਰੇਗਾ। ਅੱਜ ਇੱਥੇ ਇਹ ਪ੍ਰਗਟਾਵਾ ਕਰਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਐਨ.ਆਰ.ਆਈ ਮਾਮਲਿਆਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਐਸ.ਆਰ.ਲੱਧੜ ਅਤੇ ਮੁੱਖ ਮੰਤਰੀ ਦੇ ਓ.ਐਸ.ਡੀ. ਜਗਦੀਪ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਇਨਾਂ ਨੌਜਵਾਨਾਂ ਨੂੰ ਜੀ ਆਇਆਂ ਆਖਿਆ।’ਆਪਣੀਆਂ ਜੜਾਂ ਨਾਲ ਜੁੜੋ’ ਪ੍ਰੋਗਰਾਮ ਤਹਿਤ 16-22 ਸਾਲਾਂ ਦੀ ਉਮਰ ਤੱਕ ਦੇ ਅੱਠ ਲੜਕੇ ਅਤੇ 6 ਲੜਕੀਆਂ ਅਧਾਰਿਤ ਇਹ ਗਰੁੱਪ ਪੰਜਾਬ ਦੇ ਸ਼ਾਨਾਮੱਤੇ ਸੱਭਿਆਚਾਰ ਅਤੇ ਵਿਰਾਸਤ ਬਾਰੇ ਜਾਣੂ ਹੋਣ ਤੋਂ ਇਲਾਵਾ ਧਾਰਮਿਕ ਤੇ ਇਤਿਹਾਸਕ ਮਹੱਤਤਾ ਵਾਲੀਆਂ ਥਾਵਾਂ ਦਾ ਦੌਰਾ ਕਰਨਗੇ। ਇਹ ਨੌਜਵਾਨ ਆਪਣੇ ਮਾਪਿਆਂ ਅਤੇ ਬਜ਼ੁਰਗਾਂ ਦੇ ਸਾਕ ਸਬੰਧੀਆਂ ਨੂੰ ਮਿਲ ਕੇ ਆਪਣੀ ਪਰਿਵਾਰਕ ਸਾਂਝ ਤੋਂ ਜਾਣੂੰ ਹੋਣਗੇ। ਆਪਣੇ ਪੁਰਖਿਆਂ ਦੀ ਧਰਤੀ ‘ਤੇ ਪਹਿਲੀ ਵਾਰ ਆਉਣ ‘ਤੇ ਖੁਸ਼ੀ ਜਾਹਰ ਕਰਦਿਆਂ ਨੌਜਵਾਨਾਂ ਨੇ ਆਖਿਆ ਕਿ ਉਨਾਂ ਨੂੰ ਆਪਣੇ ਹਾਣੀਆਂ, ਰਿਸ਼ਤੇਦਾਰਾਂ ਅਤੇ ਦੋਸਤ-ਮਿੱਤਰਾਂ ਨੂੰ ਮਿਲਣ ਦਾ ਸਬੱਬ ਬਣੇਗਾ ਜਿਨਾਂ ਨਾਲ ਪੰਜਾਬ ਅਤੇ ਇੰਗਲੈਂਡ ਦੀਆਂ ਰਵਾਇਤਾਂ, ਭਾਸ਼ਾ, ਬੋਲੀ ਅਤੇ ਖਾਣਿਆਂ ਬਾਰੇ ਆਪਸੀ ਤਜਰਬੇ ਅਤੇ ਵਿਚਾਰਾਂ ਦੀ ਸਾਂਝ ਪਾਉਣ ਦਾ ਨਿਵੇਕਲਾ ਮੌਕਾ ਹਾਸਲ ਹੋਵੇਗਾ। ਇਸੇ ਦੌਰਾਨ ਪ੍ਰਮੁੱਖ ਸਕੱਤਰ ਐਸ.ਆਰ.ਲੱਧੜ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਇਸ ਪ੍ਰੋਗਰਾਮ ਤਹਿਤ ਹੋਰ ਗਰੁੱਪ ਵੀ ਵਿਦੇਸ਼ਾਂ ਤੋਂ ਪੰਜਾਬ ਆਉਣਗੇ। ਉਨਾਂ ਕਿਹਾ ਇਹ ਗਰੁੱਪ ਜਲੰਧਰ, ਪਟਿਆਲਾ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ, ਫਰੀਦਕੋਟ ਅਤੇ ਮੁਹਾਲੀ ਜ਼ਿਲੇ ਵਿੱਚ ਆਪਣੇ ਪੁਰਖਿਆਂ ਦੇ ਜੱਦੀ ਸਥਾਨਾਂ ‘ਤੇ ਵੀ ਜਾਣਗੇ। ਸ੍ਰੀ ਲੱਧੜ ਨੇ ਦੱਸਿਆ ਕਿ ਇੰਗਲੈਂਡ ਤੋਂ ਪੰਜਾਬ ਪਹੁੰਚੇ 18 ਮੈਂਬਰੀ ਗਰੁੱਪ ਵਿੱਚ 14 ਨੌਜਵਾਨਾਂ ਤੋਂ ਇਲਾਵਾ ਪ੍ਰੋਗਰਾਮ ਦੇ ਕੋਆਰਡੀਨੇਟਰ ਵਰਿੰਦਰ ਸਿੰਘ ਖੇੜਾ, ਉਨਾਂ ਦੀ ਪਤਨੀ ਤੇ ਦੋ ਬੱਚੇ ਵੀ ਸ਼ਾਮਲ ਹੈ। ਇਨਾਂ ਨੌਜਵਾਨਾਂ ਦੇ ਦੌਰੇ ਦੇ ਅਹਿਮ ਪਲਾਂ ਵਿੱਚ ਆਜ਼ਾਦੀ ਦਿਹਾੜੇ ਮੌਕੇ ਲੁਧਿਆਣਾ ਵਿਖੇ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਸ਼ਿਰਕਤ ਕਰਨਾ ਹੈ ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਵੱਲੋਂ ਕੀਤੀ ਜਾਵੇਗੀ। ਇਨਾਂ ਨੌਜਵਾਨਾਂ ਦਾ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਅਤੇ ਰਾਮ ਤੀਰਥ, ਜਲਿਆਂਵਾਲਾ ਬਾਗ, ਜੰਗੀ ਯਾਦਗਾਰ, ਅਟਾਰੀ-ਵਾਹਗਾ ਬਾਰਡਰ ਅਤੇ ਗੋਬਿੰਦਗੜ ਕਿਲੇ ‘ਤੇ ਵੀ ਜਾਣ ਦਾ ਪ੍ਰੋਗਰਾਮ ਹੈ।ਇਸੇ ਤਰਾਂ ਚੰਡੀਗੜ ਵਿਖੇ ਪੰਜਾਬ ਸਿਵਲ ਸਕੱਤਰੇਤ, ਪੰਜਾਬ ਵਿਧਾਨ ਸਭਾ ਅਤੇ ਰੌਕ ਗਾਰਡਨ, ਪਟਿਆਲਾ ਵਿਖੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ, ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਵਿੱਚ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰ ‘ਤੇ ਵੀ ਇਨਾਂ ਨੌਜਵਾਨਾਂ ਦਾ ਬੈਚ ਜਾਵੇਗਾ।ਇਹ ਨੌਜਵਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਣਗੇ ਅਤੇ ਖਾਲਸਾ ਵਿਰਾਸਤੀ ਕੰਪਲੈਕਸ ਵਿਖੇ ਵੀ ਜਾਣਗੇ। ਇਸੇ ਤਰਾਂ ਹੁਸ਼ਿਆਰਪੁਰ ਜ਼ਿਲੇ ਸਥਿਤ ਵਿੱਚ ਸ੍ਰੀ ਗੁਰੂ ਰਵਿਦਾਸ ਯਾਦਗਾਰ, ਖੁਰਾਲਗੜ ਵਿਖੇ ਜਾਣ ਤੋਂ ਇਲਾਵਾ ਅਨੂਠੀ ਦਸਤਕਾਰੀ ਲਈ ਪ੍ਰਸਿੱਧ ਹੁਸ਼ਿਆਰਪੁਰ ਵਿਖੇ ਵੀ ਜਾਣਗੇ। ਇਹ ਬੈਚ ਜਲੰਧਰ ਵਿਖੇ ਵੱਖ-ਵੱਖ ਸਨਅਤੀ ਯੂਨਿਟਾਂ ਦਾ ਦੌਰਾ ਕਰਨ ਤੋਂ ਇਲਾਵਾ ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਵੀ ਜਾਵੇਗਾ।

VIA PUNJAB