ਇਨਵੈਸਟ ਪੰਜਾਬ ਵੱਲੋਂ ਉਚੇਰੀ ਸਿੱਖਿਆ ‘ਚ ਨਿਵੇਸ਼ ਲਈ ‘ਫਿੱਕੀ’ ਨਾਲ ਬੈਠਕ

ਉਚੇਰੀ ਸਿੱਖਿਆ ਨੂੰ ਕਿੱਤਾਮੁਖੀ ਬਣਾਉਣ ਲਈ ਵਿਚਾਰ-ਵਟਾਂਦਰਾ

ਚੰਡੀਗੜ – ਇਨਵੈਸਟ ਪੰਜਾਬ ਵੱਲੋਂ ਸੂਬੇ ਦੀ ਉਚੇਰੀ ਸਿੱਖਿਆ ‘ਚ ਨਿਵੇਸ਼ ਲਈ ਅੱਜ ਇਥੇ ਉਦਯੋਗ ਭਵਨ ਵਿੱਚ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੀ ਨਾਰਥ ਇੰਡੀਆ ਹਾਇਰ ਐਜੂਕੇਸ਼ਨ ਟਾਸਕ ਫੋਰਸ ਨਾਲ ਉਚ ਪੱਧਰੀ ਮੀਟਿੰਗ ਕੀਤੀ ਗਈ, ਜਿਸ ਵਿੱਚ ਸੂਬੇ ਦੀ ਉਚੇਰੀ ਸਿੱਖਿਆ ਨੂੰ ਕਿੱਤਾਮੁਖੀ ਬਣਾਉਣ ਅਤੇ ਰੁਜ਼ਗਾਰ ਲੋੜਾਂ ਮੁਤਾਬਕ ਨੌਜਵਾਨਾਂ ਦੇ ਹੁਨਰ ਨੂੰ ਤਰਾਸ਼ਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਬੈਠਕ ਦੌਰਾਨ ਵਧੀਕ ਮੁੱਖ ਸਕੱਤਰ ਉਚੇਰੀ ਸਿੱਖਿਆ ਸ੍ਰੀ ਐਸ ਕੇ ਸੰਧੂ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ‘ਘਰ ਘਰ ਰੁਜ਼ਗਾਰ’ ਏਜੰਡੇ ਤਹਿਤ ਸੂਬੇ ਦੀ ਨੌਜਵਾਨ ਪੀੜੀ ਨੂੰ ਮੌਜੂਦਾ ਰੁਜ਼ਗਾਰ ਦੀਆਂ ਲੋੜਾਂ ਮੁਤਾਬਕ ਹੁਨਰਮੰਦ ਬਣਾਉਣ ਲਈ ਨਿੱਜੀ ਅਦਾਰਿਆਂ ਅਤੇ ਸਨਅਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਉਚੇਰੀ ਸਿੱਖਿਆ ਤੇ ਤਕਨੀਕੀ ਸਿੱਖਿਆ ਲਈ ਵੱਖ-ਵੱਖ ਤੌਰ ‘ਤੇ ਕੋਰ ਗਰੁੱਪ ਕਾਇਮ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਭਵਿੱਖੀ ਲੋੜਾਂ ਮੁਤਾਬਕ ਸੂਬੇ ਦੇ ਨੌਜਵਾਨਾਂ ਨੂੰ ਤਿਆਰ ਕੀਤਾ ਜਾ ਸਕੇ ਅਤੇ ਉਨਾਂ ਨੂੰ ਰੁਜ਼ਗਾਰ ਹਾਸਲ ਕਰਨ ਵਿੱਚ ਕੋਈ ਦਿੱਕਤ ਨਾ ਆਵੇ। ਉਨਾਂ ਦੱਸਿਆ ਕਿ ਸੂਬਾਈ ਸਰਕਾਰ ਦੀ ਹੇਠਲੇ ਪੱਧਰ ਤਕ ਉਚੇਰੀ ਸਿੱਖਿਆ ਪ੍ਰਦਾਨ ਕਰਨ ਲਈ ਸਬ-ਡਿਵੀਜ਼ਨ ਪੱਧਰ ‘ਤੇ ਕਾਲਜ ਸਥਾਪਤ ਕੀਤੇ ਜਾਣ ਦੀ ਯੋਜਨਾ ਹੈ।ਨਿੱਜੀ ਅਦਾਰਿਆਂ ਨੂੰ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਸ੍ਰੀ ਸੰਧੂ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰਾਈਵੇਟ ਕਾਲਜਾਂ ਨੂੰ ਬਣਦਾ ਸਹਿਯੋਗ ਦਿੱਤਾ ਜਾਂਦਾ ਹੈ ਜਿਸ ਕਰਕੇ ਪ੍ਰਾਈਵੇਟ ਅਦਾਰਿਆਂ ਨੂੰ ਵੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਸਮੇਂ ਦਾ ਹਾਣੀ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਨਾਂ ਅਦਾਰਿਆਂ ਨੂੰ ਮੌਜੂਦਾ ਸਮੇਂ ਦੀਆਂ ਲੋੜਾਂ ਅਨੁਸਾਰ ਨਵੇਂ ਵਿਚਾਰਾਂ ਨਾਲ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਪਾਠਕ੍ਰਮ ਅਤੇ ਸਿਲੇਬਸ ਵਿੱਚ ਜ਼ਰੂਰਤ ਮੁਤਾਬਕ ਤਬਦੀਲੀਆਂ ਕਰ ਕੇ ਉਚੇਰੀ ਸਿੱਖਿਆ ਨੂੰ ਸਹੀ ਮਾਅਨੇ ‘ਚ ਸਮੇਂ ਦੇ ਹਾਣ ਦਾ ਬਣਾਇਆ ਜਾ ਸਕੇ।ਹੁਨਰ ਵਿਕਾਸ ਅਤੇ ਤਕਨੀਕੀ ਸਿੱਖਿਆ ਦੇ ਸਕੱਤਰ ਸ੍ਰੀ ਡੀ ਕੇ ਤਿਵਾੜੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਰਕਾਰ ਵੱਲੋਂ ਵਿਦੇਸ਼ੀ ਭਾਸ਼ਾਵਾਂ ਦੇ ਕੋਰਸ ਸ਼ੁਰੂ ਕਰਨ ਦੀ ਯੋਜਨਾ ਹੈ ਤਾਂ ਜੋ ਨੌਜਵਾਨਾਂ ਦੇ ਰੁਜ਼ਗਾਰ ਦੇ ਸੰਭਾਵਨਾਵਾਂ ਦਾ ਘੇਰਾ ਵਿਸ਼ਾਲ ਕੀਤਾ ਜਾ ਸਕੇ। ਉਨਾਂ ਨੇ ਫਿੱਕੀ ਦੇ ਨੁਮਾਇੰਦਿਆਂ ਨੂੰ ਜਨਤਕ ਤੇ ਨਿੱਜੀ ਭਾਈਵਾਲੀ ਤਹਿਤ ਕੌਮਾਂਤਰੀ ਪੱਧਰ ਦੇ ਕਾਲਜ ਖੋਲਣ ਅਤੇ ਸਮਾਰਟ ਕਲਾਸਰੂਮ ਕਾਇਮ ਕਰਨ ਦਾ ਸੱਦਾ ਦਿੱਤਾ। ਉਨਾਂ ਨੇ ਸੁਝਾਅ ਦਿੱਤਾ ਕਿ ਚਾਰ ਵਰਿਆਂ ਦੇ ਕੋਰਸ ਲਈ ਘੱਟੋ ਘੱਟ ਇਕ ਵਰਾ ਫੀਲਡ ਟਰੇਨਿੰਗ ਹੋਣੀ ਚਾਹੀਦੀ ਹੈ ਤਾਂ ਜੋ ਕਾਲਜ ਤੋਂ ਨਿਕਲਣ ਸਾਰ ਵਿਦਿਆਰਥੀਆਂ ਕੋਲ ਤਜਰਬਾ ਹੋਵੇ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਬੇਰੁਜ਼ਗਾਰੀ ਦੇ ਖ਼ਾਤਮੇ ਲਈ ‘ਘਰ ਘਰ ਰੁਜ਼ਗਾਰ ਤੇ ਕਾਰੋਬਾਰ’ ਯੋਜਨਾ ਵੀ ਲਿਆਂਦੀ ਗਈ ਹੈ, ਜਿਸ ਤਹਿਤ ਕੌਮਾਂਤਰੀ ਰੁਜ਼ਗਾਰ ਮੇਲੇ ਲਾਏ ਜਾ ਰਹੇ ਹਨ। ਇਨਵੈਸਟ ਪੰਜਾਬ ਦੇ ਮੁੱਖ ਕਾਰਜਕਾਰੀ ਅਫ਼ਸਰ ਸ੍ਰੀ ਰਜਤ ਅਗਰਵਾਲ ਨੇ ਕਿਹਾ ਕਿ ਸਨਅਤਾਂ ਨੂੰ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਤਹਿਤ ਉਚੇਰੀ ਸਿੱਖਿਆ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਉਨਾਂ ਨੇ ਉਮੀਦ ਜ਼ਾਹਿਰ ਕੀਤੀ ਕਿ ਸਨਅਤਾਂ ਤੇ ਪ੍ਰਾਈਵੇਟ ਅਦਾਰੇ ਸੂਬੇ ਦੀ ਉਚੇਰੀ ਸਿੱਖਿਆ ਨੂੰ ਕੌਮਾਂਤਰੀ ਪੱਧਰ ਦਾ ਬਣਾਉਣ ਲਈ ਸਰਕਾਰ ਨੂੰ ਸਹਿਯੋਗ ਦੇਣਗੇ। ਇਸ ਦੌਰਾਨ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਸ੍ਰੀ ਰਾਜੇਸ਼ ਧੀਮਾਨ ਨੇ ਉਚ ਵਿਦਿਅਕ ਸੰਸਥਾਨ ਖੋਲਣ ਲਈ ਸਰਕਾਰ ਦੀਆਂ ਨੀਤੀਆਂ ਤੇ ਸ਼ਰਤਾਂ ਬਾਰੇ ਜਾਣਕਾਰੀ ਦਿੱਤੀ।’ਫਿੱਕੀ’ ਦੇ ਪੰਜਾਬ, ਹਰਿਆਣਾ, ਚੰਡੀਗੜ ਅਤੇ ਹਿਮਾਚਲ ਪ੍ਰਦੇਸ਼ ਦੇ ਮੁਖੀ ਸ੍ਰੀ ਜੀਬੀ ਸਿੰਘ ਨੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਸਰਕਾਰ ਨਾਲ ਮਿਲ ਕੇ ਉਚੇਰੀ ਸਿੱਖਿਆ ਵਿੱਚ ਨਿਵੇਸ਼ ਕਰਨ ਲਈ ਯਤਨ ਕਰਨਗੇ ਅਤੇ ਸੂਬੇ ਦੀ ਉਚੇਰੀ ਸਿੱਖਿਆ ਨੂੰ ਕੌਮਾਂਤਰੀ ਪੱਧਰ ਦਾ ਬਣਾਉਣ ਲਈ ਕੋਈ ਠੋਸ ਖਾਕਾ ਲਿਆਉਣਗੇ। ਇਸ ਮੀਟਿੰਗ ਵਿੱਚ ‘ਫਿੱਕੀ’ ਸਮੇਤ ਵੱਖ ਵੱਖ ਅਦਾਰਿਆਂ ਦੇ ਨੁਮਾਇੰਦੇ ਹਾਜ਼ਰ ਸਨ।

VIA PUNJAB