ਇਮਰਾਨ ਦੇ ਹਲਫ਼ਦਾਰੀ ਸਮਾਗਮ ’ਚ ਨਹੀਂ ਸੱਦੇ ਜਾਣਗੇ ਵਿਦੇਸ਼ੀ ਆਗੂ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਇਮਰਾਨ ਖ਼ਾਨ ਨੇ ਆਪਣੇ ਹਲਫ਼ਦਾਰੀ ਸਮਾਗਮ ਵਿੱਚ ਵਿਦੇਸ਼ੀ ਆਗੂਆਂ ਅਤੇ ਮਸ਼ਹੂਰ ਹਸਤੀਆਂ ਨੂੰ ਨਾ ਸੱਦਣ ਦਾ ਫ਼ੈਸਲਾ ਕੀਤਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਸ੍ਰੀ ਖ਼ਾਨ ਨੇ ਇਹ ਸਮਾਗਮ ਸਾਦਾ ਰੱਖਣ ਦਾ ਫ਼ੈਸਲਾ ਕੀਤਾ ਹੈ। ਪਾਕਿਸਤਾਨ ਦੀਆਂ ਬੀਤੀ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਵਿੱਚ ਪੀਟੀਆਈ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਸ੍ਰੀ ਖ਼ਾਨ (65) ਨੂੰ ਸਦਰ ਮਮਨੂਨ ਹੁਸੈਨ ਵੱਲੋਂ 11 ਅਗਸਤ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਏ ਜਾਣ ਦੇ ਆਸਾਰ ਹਨ। ਪਹਿਲਾਂ ਉਨ੍ਹਾਂ ਦੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬਾਲੀਵੁੱਡ ਸੁਪਰ ਸਟਾਰ ਆਮਿਰ ਖ਼ਾਨ ਅਤੇ ਭਾਰਤੀ ਕ੍ਰਿਕਟ ਸਟਾਰਾਂ ਜਿਵੇਂ ਕਪਿਲ ਦੇਵ, ਸੁਨੀਲ ਗਾਵਸਕਰ ਤੇ ਨਵਜੋਤ ਸਿੰਘ ਸਿੱਧੂ ਸਣੇ ਕੁਝ ਵਿਦੇਸ਼ੀਆਂ ਨੂੰ ਸੱਦਣ ਦਾ ਫ਼ੈਸਲਾ ਕੀਤਾ ਸੀ।ਰੋਜ਼ਨਾਮਾ ‘ਡਾਅਨ’ ਮੁਤਾਬਕ ਸ੍ਰੀ ਖ਼ਾਨ ਨੇ ਅੱਜ ਹਲਫ਼ਦਾਰੀ ਸਮਾਗਮ ਸਾਦਾ ਰੱਖਣ ਦਾ ਫ਼ੈਸਲਾ ਕੀਤਾ ਹੈ। ਅਖ਼ਬਾਰ ਨੇ ਪੀਟੀਆਈ ਤਰਜਮਾਨ ਫ਼ਵਾਦ ਚੌਧਰੀ ਦੇ ਹਵਾਲੇ ਨਾਲ ਕਿਹਾ, ‘‘ਪੀਟੀਆਈ ਚੇਅਰਮੈਨ ਨੇ ਸਹੁੰ-ਚੁੱਕ ਸਮਾਗਮ ਕਿਫਾਇਤ ਨਾਲ ਕਰਾਉਣ ਦੇ ਹੁਕਮ ਦਿੱਤੇ ਹਨ।’’ ਉਨ੍ਹਾਂ ਕਿਹਾ, ‘‘ਉਹ ਐਵਾਨ-ਏ-ਸਦਰ (ਰਾਸ਼ਟਰਪਤੀ ਭਵਨ) ਵਿੱਚ ਸਾਦੇ ਸਮਾਗਮ ਦੌਰਾਨ ਹਲਫ਼ ਲੈਣਗੇ ਇਸ ਮੌਕੇ ਵਿਦੇਸ਼ੀ ਸ਼ਖ਼ਸੀਅਤਾਂ ਨਹੀਂ ਸੱਦੀਆਂ ਜਾਣਗੀਆਂ- ਇਹ ਪੂਰੀ ਤਰ੍ਹਾਂ ਦੇਸੀ ਸਮਾਗਮ ਹੋਵੇਗਾ। ਇਮਰਾਨ ਖ਼ਾਨ ਦੇ ਕੁਝ ਕਰੀਬੀ ਦੋਸਤਾਂ ਨੂੰ ਹੀ ਸੱਦਿਆ ਜਾਵੇਗਾ ਤੇ ਫ਼ਜ਼ੂਲਖ਼ਰਚੀ ਨਹੀਂ ਕੀਤੀ ਜਾਵੇਗੀ।’’ ਉਨ੍ਹਾਂ ਨਾਲ ਹੀ ਕਿਹਾ ਕਿ ਸਮਾਗਮ ਵਿੱਚ ਸੱਦੇ ਜਾਣ ਵਾਲੇ ‘ਵਿਦੇਸ਼ੀਆਂ ਵਿੱਚ ਸ੍ਰੀ ਖ਼ਾਨ ਦੇ ਕੁਝ ਦੋਸਤ’ ਹੀ ਸ਼ਾਮਲ ਹੋਣਗੇ।

VIA PUNJAB