ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਇਮਰਾਨ ਖਾਨ ਦਾ ਪਾਕਿ ਚ ਵਿਰੋਧ ਸ਼ੁਰੂ

ਇਸਲਾਮਾਬਾਦ – ਪੰਜਾਬ ਦੇ ਗੁਰਦਾਸਪੁਰ ਜ਼ਿਲੇ ਵਿਚ ਸਥਿਤ ਸਰਹੱਦੀ ਖੇਤਰ ਨੂੰ ਪਾਕਿਸਤਾਨ ਵਿਚ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ ਨਾਲ ਜੋੜਨ ਵਾਲੇ ਕਰਤਾਰਪੁਰ ਕਾਰੀਡੋਰ ਦੇ ਨਿਰਮਾਣ ਨੂੰ ਗ੍ਰਹਿਣ ਲਗਦਾ ਦਿਸ ਰਿਹਾ ਹੈ। ਇਸ ਕਾਰੀਡੋਰ ਦੇ ਨਿਰਮਾਣ ਨੂੰ ਹਰੀ ਝੰਡੀ ਦੇਣ ਵਾਲੇ ਇਮਰਾਨ ਖਾਨ ਦਾ ਪਾਕਿਸਤਾਨ ਵਿਚ ਹੀ ਵਿਰੋਧ ਸ਼ੁਰੂ ਹੋ ਗਿਆ ਹੈ।ਜਮੀਅਤ ਉਲੇਮਾ-ਏ-ਇਸਲਾਮ-ਐੱਫ ਦੇ ਮੁਖੀ ਮੌਲਾਨਾ ਫਜਲੁਰ ਰਹਿਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਸਦ ਨੂੰ ਭਰੋਸੇ ਵਿਚ ਲਏ ਬਿਨਾਂ ਹੀ ਭਾਰਤ ਨਾਲ ਕਰਤਾਰਪੁਰ ਕਾਰੀਡੋਰ ਨੂੰ ਖੋਲ੍ਹਣ ਦੀ ਹਰੀ ਝੰਡੀ ਦੇ ਦਿੱਤੀ। ਪਾਕਿਸਤਾਨੀ ਮੀਡੀਆ ਅਨੁਸਾਰ 2 ਦਸੰਬਰ ਨੂੰ ਡੇਰਾ ਇਸਮਾਇਲ ਖਾਨ ਵਿਚ ਰਹਿਮਾਨ ਨੇ ਕਿਹਾ ਕਿ ਭਾਰਤ ਪਾਕਿਸਤਾਨ ਦੇ ਨਾਲ ਜੁੜੇ ਰੂਟ ਨੂੰ ਬੰਦ ਕਰ ਰਿਹਾ ਸੀ ਪਰ ਤਹਿਰੀਕ-ਏ-ਇਨਸਾਫ ਸਰਕਾਰ ਭਾਰਤ ਦੇ ਨਾਗਰਿਕਾਂ ਨੂੰ ਪਾਕਿਸਤਾਨ ਆਉਣ ਲਈ ਇਕਤਰਫਾ ਕਦਮ ਚੁੱਕ ਰਹੀ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਰਤਾਰਪੁਰ ਕਾਰੀਡੋਰ ਨੂੰ ਉਨ੍ਹਾਂ ਦੇ (ਇਮਰਾਨ ਖਾਨ) ਵਿਦੇਸ਼ੀ ਮਾਲਕਾਂ ਨੂੰ ਖੁਸ਼ ਕਰਨ ਲਈ ਖੋਲ੍ਹਿਆ ਗਿਆ, ਖਾਸ ਕਰ ਕੇ ਘੱਟ ਗਿਣਤੀ ਸਮੂਹਾਂ ਨੂੰ ਖੁਸ਼ ਕਰਨ ਲਈ। ਪਾਕਿਸਤਾਨ ਨੂੰ ਇਸ ਇਕਤਰਫਾ ਕਦਮ ਦੀ ਕੀਮਤ ਚੁਕਾਉਣੀ ਪਏਗੀ। ਸਰਕਾਰ ਨੂੰ ਇਹ ਕਦਮ ਚੁੱਕਣ ਤੋਂ ਪਹਿਲਾਂ ਸੰਸਦ ਨੂੰ ਆਪਣੇ ਵਿਸ਼ਵਾਸ ਵਿਚ ਲੈਣਾ ਚਾਹੀਦਾ ਸੀ।

VIA PUNJAB