ਕਸ਼ਮੀਰ ’ਤੇ ਟਰੰਪ ਦੀ ਪੇਸ਼ਕਸ਼ ਪਾਕਿ ਦੀਆਂ ਉਮੀਦਾਂ ਤੋਂ ਕਿਤੇ ਵੱਧ: ਕੁਰੈਸ਼ੀ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਵਾਸ਼ਿੰਗਟਨ ਯਾਤਰਾ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕਸ਼ਮੀਰ ਬਾਰੇ ਵਿਚੋਲਗੀ ਦੀ ਪੇਸ਼ਕਸ਼ ‘ਪਾਕਿਸਤਾਨ ਦੀਆਂ ਉਮੀਦਾਂ ਤੋਂ ਕਿਤੇ ਵੱਧ ਹੈ।’ ਸਰਕਾਰੀ ‘ਰੇਡੀਓ ਪਾਕਿਸਤਾਨ’ ਮੁਤਾਬਕ ਕੁਰੈਸ਼ੀ ਨੇ ਨਿੱਜੀ ਸਮਾਚਾਰ ਚੈਨਲ ਨਾਲ ਗੱਲਬਾਤ ’ਚ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਮਰੀਕਾ ਨੂੰ ਇਸ ਗੱਲ ਲਈ ਸਹਿਮਤ ਕੀਤਾ ਕਿ ਕਸ਼ਮੀਰ ਮੁੱਖ ਮੁੱਦਾ ਹੈ, ਜਿਸ ਦਾ ਛੇਤੀ ਹੱਲ ਕੱਢਣ ਦੀ ਲੋੜ ਹੈ।ਜ਼ਿਕਰਯੋਗ ਹੈ ਕਿ ਵ੍ਹਾਈਟ ਹਾਊਸ ’ਚ ਪਿਛਲੇ ਹਫ਼ਤੇ ਟਰੰਪ ਨੇ ਇਮਰਾਨ ਖ਼ਾਨ ਨਾਲ ਪਹਿਲੀ ਬੈਠਕ ਦੌਰਾਨ ਪੇਸ਼ਕਸ਼ ਕੀਤੀ ਸੀ ਕਿ ਕਸ਼ਮੀਰ ਮੁੱਦੇ ’ਤੇ ਉਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਚੋਲਗੀ ਕਰਨ ਲਈ ਤਿਆਰ ਹਨ। ਭਾਰਤ ਨੇ ਸਖ਼ਤੀ ਨਾਲ ਟਰੰਪ ਦੀ ਪੇਸ਼ਕਸ਼ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਪਾਕਿਸਤਾਨ ਨਾਲ ਸਾਰੇ ਮਸਲਿਆਂ ’ਤੇ ਸਿਰਫ਼ ਦੁਵੱਲੀ ਗੱਲਬਾਤ ਹੀ ਹੋਵੇਗੀ।ਕੁਰੈਸ਼ੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੂੰ ਇਹ ਦੱਸਿਆ ਗਿਆ ਕਿ ਪਾਕਿਸਤਾਨ ਅਮਨ ਪਸੰਦ ਮੁਲਕ ਹੈ ਅਤੇ ਉਹ ਭਾਰਤ ਸਮੇਤ ਖ਼ਿੱਤੇ ’ਚ ਸ਼ਾਂਤੀ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਮੁੱਦੇ ’ਤੇ ਅੜੀਅਲ ਸੁਭਾਅ ਕਾਰਨ ਭਾਰਤ ਨੂੰ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ।

VIA PUNJAB