ਕੈਪਟਨ ਅਮਰਿੰਦਰ ਸਿੰਘ ਵਲੋਂ ਉੱਘੇ ਅਥਲੀਟ ਹਾਕਮ ਸਿੰਘ ਦੇ ਇਲਾਜ ਲਈ 5 ਲੱਖ ਰੁਪਏ ਜਾਰੀ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਏਸ਼ੀਅਨ ਖੇਡਾਂ ਵਿੱਚ ਸੋਨ ਤਮਗਾ ਹਾਸਲ ਕਰਨ ਵਾਲੇ ਉੱਘੇ ਅਥਲੀਟ ਹਾਕਮ ਸਿੰਘ ਦੇ ਇਲਾਜ ਲਈ 5 ਲੱਖ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਉੱਘੇ ਅਥਲੀਟ ਦੀ ਸਿਹਤ ਸਬੰਧੀ ਆਪਣੀ ਚਿੰਤਾ ਬਾਰੇ ਟਵੀਟ ਕੀਤਾ। ਉਨਾਂ ਨੇ 1978 ਦੀਆਂ ਬੈਂਕਾਕ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜੇਤੂ ਅਥਲੀਟ ਕੋਲ ਪਹੁੰਚ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਆਖਿਆ। ਉਨਾਂ ਨੇ ਹਸਪਤਾਲ ਵਿੱਚ ਜਿਗਰ ਅਤੇ ਗੁਰਦਿਆਂ ਦੀ ਬੀਮਾਰੀ ਕਾਰਨ ਜ਼ੇਰੇ ਇਲਾਜ ਅਥਲੀਟ ਨੂੰ ਹਰ ਸੰਭਵ ਸਹਾਇਤਾ ਜ਼ਰੂਰੀ ਸਹਾਇਤਾ ਯਕੀਨੀ ਬਨਾਉਣ ਵਾਸਤੇ ਬਰਨਾਲਾ ਜ਼ਿਲੇ ਦੇ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ। ਹਾਕਮ ਸਿੰਘ ਧਿਆਨ ਚੰਦ ਐਵਾਰਡ ਜੇਤੂ ਹੈ। ਇਸ ਸਾਬਕਾ ਅਥਲੀਟ ਨੇ 6 ਸਿੱਖ ਰੈਜੀਮੈਂਟ ਵਿਚ ਹਵਲਦਾਰ ਵਜੋਂ ਸੇਵਾ ਨਿਭਾਈ ਅਤੇ ਉਸ ਨੂੰ 2008 ਵਿੱਚ ਧਿਆਨ ਚੰਦ ਐਵਾਰਡ ਪ੍ਰਾਪਤ ਹੋਇਆ। 1981 ਵਿਚ ਇਕ ਭਿਆਨਕ ਹਾਦਸੇ ਤੋਂ ਬਾਅਦ ਉਨਾਂ ਨੂੰ ਆਪਣੀ ਖੇਡ ਛੱਡਣੀ ਪਈ ਜਿਸ ਦੇ ਨਾਲ ਉਸਦੇ ਸ਼ਾਨਦਾਰ ਖੇਡ ਕੈਰੀਅਰ ਦਾ ਅੰਤ ਹੋ ਗਿਆ। ਮੁੱਖ ਮੰਤਰੀ ਨੇ ਦੁਹਰਾਇਆ ਹੈ ਕਿ ਉਨਾਂ ਦੀ ਸਰਕਾਰ ਸੂਬੇ ਦੇ ਸਾਬਕਾ ਖਿਡਾਰੀਆਂ ਦੀ ਭਲਾਈ ਲਈ ਪੂਰੀ ਤਰਾਂ ਵਚਨਬੱਧ ਹੈ। ਉਨਾਂ ਨੇ ਖਿਡਾਰੀਆਂ ਨੂੰ ਹਰ ਵਿੱਤੀ ਮਦਦ ਦਿੱਤੇ ਜਾਣ ਦਾ ਭਰੋਸਾ ਦਿਵਾਇਆ ਹੈ ਤਾਂ ਜੋ ਉਹ ਖੇਡ ਛੱਡਣ ਤੋਂ ਬਾਅਦ ਆਪਣਾ ਆਦਰਮਈ ਢੰਗ ਨਾਲ ਜੀਵਨ ਗੁਜਾਰ ਸਕਣ।

VIA PUNJAB