ਕੋਟਕਪੂਰਾ ਪੁਲਿਸ ਵੱਲੋਂ ਕਾਰ ਤੇ ਹੈਰੋਇਨ ਸਮੇਤ ਬਠਿੰਡਾ ਦੇ ਦੋ ਵਿਅਕਤੀ ਕਾਬੂ

ਕੋਟਕਪੂਰਾ -ਕੋਟਕਪੂਰਾ ਥਾਣਾ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਏ ਸਟਾਫ਼ ਜੈਤੋ ਦੇ ਸਹਾਇਕ ਥਾਣੇਦਾਰ ਕੁਲਬੀਰ ਚੰਦ ਆਧਾਰਿਤ ਪੁਲਿਸ ਪਾਰਟੀ ਨੇ ਪਿੰਡ ਨਾਨਕਸਰ ਕੋਲ ਨਾਕਾਬੰਦੀ ਕੀਤੀ ਹੋਈ ਤਾਂ ਇਸ ਦੌਰਾਨ ਜੈਤੋ ਵੱਲੋਂ ਇਕ ਚਿੱਟੇ ਰੰਗ ਦੀ ਕਾਰ ਆਉਂਦੀ ਦਿਖਾਈ ਦਿੱਤੀ, ਜਿਸਨੂੰ ਪਾਰਟੀ ਨੇ ਬੈਟਰੀ ਮਾਰ ਕੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਕਾਰ ਹੌਲੀ ਕਰਕੇ ਇਕਦਮ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਰ ਅਚਾਨਕ ਬੰਦ ਹੋ ਗਈ। ਕਾਰ ਦੀ ਕੰਡਕਟਰ ਸਾਇਡ ’ਤੇ ਬੈਠੇ ਵਿਅਕਤੀ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਨੂੰ ਪੁਲਿਸ ਨੇ ਮੌਕੇ ’ਤੇ ਦਬੋਚ ਲਿਆ। ਕਾਰ ਚਾਲਕ ਨੇ ਆਪਣਾ ਨਾਮ ਜਤਿੰਦਰ ਕੁਮਾਰ ਉਰਫ਼ ਨਿੱਕਾ ਪੁੱਤਰ ਰਾਜਪਾਲ ਵਾਸੀ ਪਰਸਰਾਮ ਨਗਰ ਬਠਿੰਡਾ ਅਤੇ ਦੂਜੇ ਵਿਅਕਤੀ ਨੇ ਆਪਣਾ ਨਾਮ ਸੁਰਿੰਦਰ ਕੁਮਾਰ ਪੁੱਤਰ ਜਗਨਨਾਥ ਵਾਸੀ ਕਿੱਕਰ ਦਾਸ ਮੁਹੱਲਾ ਜੰਗੀਰ ਫ਼ੌਜੀ ਵਾਲੀ ਗਲੀ ਬਠਿੰਡਾ ਦੱਸਿਆ। ਪੁਲਿਸ ਨੇ ਜਦ ਗੱਡੀ ਦੇ ਗੇਅਰ ਵਾਲੀ ਜਗ੍ਹਾ ਕੋਲ ਪਏ ਇਕ ਪਾਰਦਰਸ਼ੀ ਲਿਫ਼ਾਫ਼ੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 100 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਕਾਰ ਦੇ ਡੈਸ਼ਬੋਰਡ ਨੂੰ ਚੈੱਕ ਕੀਤਾ ਤਾਂ ਇਸ ਵਿਚੋਂ ਕਾਰ ਦੀ ਆਰ.ਸੀ ਮਿਲੀ, ਜੋ ਕਿ ਗੁੜਗਾਓਂ ਦੇ ਇਕ ਵਿਅਕਤੀ ਲਲਿਤ ਯਾਦਵ ਦੇ ਨਾਂਅ ਰਜਿਸਟਰਡ ਹੈ। ਮੌਕੇ ’ਤੇ ਦੋਵੇਂ ਵਿਅਕਤੀ ਆਪਣੇ ਕੋਲ ਰੱਖੀ ਹੈਰੋਇਨ ਸਬੰਧੀ ਕੋਈ ਲਾਇਸੰਸ, ਪਰਮਿਟ ਮੌਕੇ ’ਤੇ ਪੇਸ਼ ਨਹੀਂ ਕਰ ਸਕੇ। ਪੁਲਿਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੁਰਾ ਵਿਖੇ ਮਾਮਲਾ ਦਰਜ ਕਰ ਲਿਆ ਹੈ।

VIA PUNJAB