ਕੋਹਲੀ ਦੀ ਮੁਸ਼ੱਕਤ ਗਈ ਬੇਕਾਰ ਪਹਿਲੇ ਟੈਸਟ ’ਚ ਭਾਰਤ ਦੀ ਹਾਰ

ਬਰਮਿੰਘਮ – ਕਪਤਾਨ ਵਿਰਾਟ ਕੋਹਲੀ ਦੀਆਂ ਸ਼ਾਨਦਾਰ ਪਾਰੀਆਂ ਅਖ਼ੀਰ ਬੇਕਾਰ ਚਲੀਆਂ ਗਈਆਂ ਅਤੇ ਭਾਰਤ ਨੂੰ ਬੱਲੇਬਾਜ਼ਾਂ ਦੀ ਨਾਕਾਮੀ ਕਾਰਨ ਪਹਿਲਾ ਟੈਸਟ ਕ੍ਰਿਕਟ ਮੈਚ ਅੱਜ ਇੱਥੇ ਚੌਥੇ ਦਿਨ ਹੀ 31 ਦੌੜਾਂ ਨਾਲ ਗੁਆਉਣਾ ਪਿਆ। ਇਸ ਤਰ੍ਹਾਂ ਇਹ ਮੈਚ ਕੋਹਲੀ ਬਨਾਮ ਇੰਗਲੈਂਡ ਮੁਕਾਬਲਾ ਬਣ ਗਿਆ ਸੀ, ਪਰ ਪਾਰੀ ਦੇ 47ਵੇਂ ਓਵਰ ਵਿੱਚ ਬੈਨ ਸਟੌਕਸ ਨੇ ਭਾਰਤੀ ਕਪਤਾਨ ਨੂੰ ਐਲਬੀਡਬਲਯੂ ਆਊਟ ਕਰ ਦਿੱਤਾ, ਜਿਸ ਮਗਰੋਂ ਇੰਗਲੈਂਡ ਦੀ ਜਿੱਤ ਸਿਰਫ਼ ਰਸਮੀ ਰਹਿ ਗਈ। ਉਸ ਨੇ ਆਪਣੇ 1000ਵੇਂ ਟੈਸਟ ਮੈਚ ਦਾ ਜਸ਼ਨ ਪੰਜ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਕੇ ਮਨਾਇਆ।
ਭਾਰਤ ਨੂੰ ਜਿੱਤ ਲਈ 194 ਦੌੜਾਂ ਦਾ ਟੀਚਾ ਮਿਲਿਆ ਹੋਇਆ ਸੀ। ਭਾਰਤੀ ਟੀਮ ਨੇ ਪੰਜ ਵਿਕਟਾਂ ਪਿੱਛੇ 110 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ, ਪਰ ਟੀਮ 54.2 ਓਵਰਾਂ ਵਿੱਚ 162 ਦੌੜਾਂ ’ਤੇ ਢੇਰ ਹੋ ਗਈ। ਭਾਰਤ ਦੀ ਜਿੱਤ ਦੀਆਂ ਉਮੀਦਾਂ ਦਾ ਦਾਰੋਮਦਾਰ ਵਿਰਾਟ ਦੇ ਮੋਢਿਆਂ ’ਤੇ ਟਿਕਿਆ ਹੋਇਆ ਸੀ, ਜਿਸ ਨੇ ਪਹਿਲੀ ਪਾਰੀ ਵਿੱਚ 149 ਦੌੜਾਂ ਬਣਾਈਆਂ ਸਨ। ਭਾਰਤ ਨੇ ਸਵੇਰੇ ਜਦੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ, ਉਦੋਂ ਵਿਰਾਟ 43 ਅਤੇ ਵਿਕਟਕੀਪਰ ਦਿਨੇਸ਼ ਕਾਰਤਿਕ 18 ਦੌੜਾਂ ਬਣਾ ਕੇ ਖੇਡ ਰਹੇ ਸਨ। ਕਾਰਤਿਕ ਦੋ ਦੌੜਾਂ ਬਣਾਉਣ ਮਗਰੋਂ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਦੀ ਗੇਂਦ ’ਤੇ ਡੇਵਿਡ ਮਲਾਨ ਨੂੰ ਕੈਚ ਦੇ ਬੈਠਾ। ਉਹ 20 ਦੌੜਾਂ ਬਣਾ ਕੇ ਆਊਟ ਹੋ ਗਿਆ। ਵਿਰਾਟ ਨੇ ਫਿਰ ਹਾਰਦਿਕ ਪਾਂਡੇ ਨਾਲ ਸਤਵੀਂ ਵਿਕਟ ਲਈ 29 ਦੌੜਾਂ ਜੋੜੀਆਂ, ਪਰ ਬੈਨ ਸਟੌਕਸ ਨੇ ਵਿਰਾਟ ਨੂੰ ਐਲਬੀਡਬਲਯੂ ਕਰ ਕੇ ਭਾਰਤੀ ਉਮੀਦਾਂ ਤੋੜ ਦਿੱਤੀਆਂ। ਵਿਰਾਟ ਦੇ ਨੀਮ ਸੈਂਕੜਾ (51 ਦੌੜਾਂ) ਪੂਰਾ ਕਰਨ ਮਗਰੋਂ ਸਟੌਕਸ ਦੀ ਤੇਜ਼ ਗੇਂਦ ਉਸ ਦੇ ਪੈਡ ਨਾਲ ਟਕਰਾ ਗਈ ਅਤੇ ਇੰਗਲਿਸ਼ ਖਿਡਾਰੀਆਂ ਦੀ ਅਪੀਲ ’ਤੇ ਅੰਪਾਇਰ ਅਲੀਮ ਡਾਰ ਨੇ ਆਊਟ ਹੋਣ ਦਾ ਇਸ਼ਾਰਾ ਕਰ ਦਿੱਤਾ। ਵਿਰਾਟ ਨੇ ਡੀਆਰਐਸ ਮੰਗੀ, ਪਰ ਅੰਪਾਇਰ ਦਾ ਫ਼ੈਸਲਾ ਅਟੱਲ ਰਿਹਾ। ਜਿਵੇਂ ਹੀ ਵਿਰਾਟ ਮੈਦਾਨ ਤੋਂ ਬਾਹਰ ਗਿਆ, ਬ੍ਰਿਟਿਸ਼ ਖ਼ੇਮੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਜਿਵੇਂ ਉਨ੍ਹਾਂ ਨੇ ਮੋਰਚਾ ਜਿੱਤ ਲਿਆ ਹੋਵੇ। ਵਿਰਾਟ ਕੋਹਲੀ ਨੇ 185 ਮਿੰਟ ਕ੍ਰੀਜ਼ ’ਤੇ ਟਿਕ ਕੇ 93 ਗੇਂਦਾਂ ਦਾ ਸਾਹਮਣਾ ਕੀਤਾ ਅਤੇ 51 ਦੌੜਾਂ ਵਿੱਚ ਚਾਰ ਚੌਕੇ ਮਾਰੇ। ਵਿਰਾਟ ਨੇ ਮੈਚ ਦੌਰਾਨ 200 ਦੌੜਾਂ ਵੀ ਪੂਰੀਆਂ ਕੀਤੀਆਂ। ਸਟੌਕਸ ਨੇ ਵਿਰਾਟ ਦੀ ਵਿਕਟ ਲੈਣ ਤੋਂ ਬਾਅਦ ਮੁਹੰਮਦ ਸ਼ਮੀ ਨੂੰ ਵੀ ਆਊਟ ਕੀਤਾ। ਭਾਰਤ ਦੀ ਸਤਵੀਂ ਅਤੇ ਅਠਵੀਂ ਵਿਕਟ 141 ਦੌੜਾਂ ਦੇ ਸਕੋਰ ’ਤੇ ਡਿੱਗੀ। ਭਾਰਤ ਦੀ ਆਖ਼ਰੀ ਉਮੀਦ ਪਾਂਡੇ ’ਤੇ ਟਿਕੀ ਹੋਈ ਸੀ। ਇਸ਼ਾਂਤ ਸ਼ਰਮਾ ਨੇ ਦੋ ਚੌਕਿਆਂ ਦੀ ਮਦਦ ਨਾਲ 11 ਦੌੜਾਂ ਬਣਾਈਆਂ, ਪਰ ਉਸ ਦੀ ਵਿਕਟ 154 ਦੌੜਾਂ ਦੇ ਸਕੋਰ ’ਤੇ ਡਿੱਗ ਗਈ। ਇਸ਼ਾਂਤ ਨੂੰ ਆਦਿਲ ਰਾਸ਼ਿਦ ਨੇ ਐਲਬੀਡਬਲਯੂ ਕੀਤਾ। ਸਟੌਕਸ ਨੇ ਪਾਂਡੇ ਨੂੰ ਅਲਸਟੇਅਰ ਕੁੱਕ ਹੱਥੋਂ ਕੈਚ ਕਰਵਾ ਕੇ ਭਾਰਤੀ ਪਾਰੀ ਦਾ 162 ਦੌੜਾਂ ’ਤੇ ਅੰਤ ਕਰ ਦਿੱਤਾ। ਪਾਂਡੇ ਨੇ 61 ਗੇਂਦਾਂ ਵਿੱਚ ਚਾਰ ਚੌਕਿਆਂ ਦੀ ਮਦਦ ਨਾਲ 31 ਦੌੜਾਂ ਬਣਾਈਆਂ। ਸਟੌਕਸ ਨੇ 14.2 ਓਵਰਾਂ ਵਿੱਚ 40 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਐਂਡਰਸਨ ਅਤੇ ਸਟੂਅਰਟ ਬਰੌਡ ਨੇ ਕ੍ਰਮਵਾਰ 50 ਦੌੜਾਂ ਅਤੇ 43 ਦੌੜਾਂ ਦੇ ਕੇ ਦੋ-ਦੋ ਵਿਕਟਾਂ ਲਈਆਂ, ਜਦੋਂਕਿ ਸੈਮ ਕਰੈਨ ਨੇ 18 ਅਤੇ ਰਾਸ਼ਿਦ ਨੇ ਨੌਂ ਦੌੜਾਂ ਦੇ ਕੇ ਇੱਕ-ਇੱਕ ਵਿਕਟ ਲਈ। ਕਰੈਨ ਨੂੰ ਮੈਚ ਦੌਰਾਨ ਕੁੱਲ ਪੰਜ ਵਿਕਟਾਂ ਅਤੇ ਦੂਜੀ ਪਾਰੀ ਵਿੱਚ ਸ਼ਾਨਦਾਰ 63 ਦੌੜਾਂ ਬਣਾਉਣ ਲਈ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਕਰੈਨ ਦੀ ਇਸ ਪਾਰੀ ਨੇ ਹੀ ਇੰਗਲੈਂਡ ਨੂੰ ਦੂਜੀ ਪਾਰੀ ਵਿੱਚ ਸੱਤ ਵਿਕਟਾਂ ’ਤੇ 87 ਤੋਂ ਉਭਾਰ ਕੇ 180 ਦੌੜਾਂ ਤੱਕ ਪਹੁੰਚਾਇਆ ਸੀ। ਉਸ ਦੀ ਇਸ ਪਾਰੀ ਨੇ ਮੈਚ ਵਿੱਚ ਇੰਗਲੈਂਡ ਦੀ ਜਿੱਤ ਅਤੇ ਭਾਰਤ ਦੀ ਹਾਰ ਦਾ ਫ਼ਰਕ ਪੈਦਾ ਕੀਤਾ। ਇੰਗਲੈਂਡ ਨੇ ਮੈਚ ਦੇ ਪਹਿਲੇ ਦਿਨ ਜੋਅ ਰੂਟ ਦੀਆਂ 80 ਦੌੜਾਂ ਦੀ ਮਦਦ ਨਾਲ ਪਹਿਲੀ ਪਾਰੀ ਵਿੱਚ 287 ਦੌੜਾਂ ਬਣਾਈਆਂ। ਕੋਹਲੀ ਨੇ ਇਸ ਮਗਰੋਂ ਆਪਣਾ 22ਵਾਂ ਟੈਸਟ ਸੈਂਕੜਾ ਮਾਰਿਆ, ਜਿਸ ਕਾਰਨ ਭਾਰਤ ਸੱਤ ਵਿਕਟਾਂ ’ਤੇ 169 ਦੌੜਾਂ ਤੋਂ ਉਭਰ ਕੇ 274 ਦੌੜਾਂ ਬਣਾਉਣ ਵਿੱਚ ਸਫਲ ਰਿਹਾ। ਇਸ਼ਾਂਤ ਦੀਆਂ ਪੰਜ ਵਿਕਟਾਂ ਦੀ ਮਦਦ ਨਾਲ ਭਾਰਤ ਨੇ ਇੰਗਲੈਂਡ ਨੂੰ ਦੂਜੀ ਪਾਰੀ ਵਿੱਚ 180 ਦੌੜਾਂ ’ਤੇ ਢੇਰ ਕੀਤਾ ਅਤੇ ਇਸ ਤਰ੍ਹਾਂ ਭਾਰਤ ਨੂੰ 194 ਦੌੜਾਂ ਦਾ ਟੀਚਾ ਮਿਲਿਆ ਸੀ।

VIA PUNJAB