ਖਸ਼ੋਗੀ ਕਾਂਡ: ਸਾਊਦੀ ਅਰਬ ਵੱਲੋਂ ਹੱਦ ਪਾਰ ਨਾ ਕਰਨ ਦੀ ਚਿਤਾਵਨੀ

ਲੰਡਨ – ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੂੰ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਲਈ ਜ਼ਿੰਮੇਵਾਰ ਠਹਿਰਾਏ ਜਾਣ ਦਰਮਿਆਨ ਸਾਊਦੀ ਅਰਬ ਨੇ ਕਿਹਾ ਹੈ ਕਿ ਕੋਈ ਵੀ ਆਪਣੀ ਹੱਦ ਪਾਰ ਨਾ ਕਰੇ। ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਅਦਲ ਅਲ-ਜੁਬੇਰ ਨੇ ਕਿਹਾ ਕਿ ਸ਼ਹਿਜ਼ਾਦੇ ਨੂੰ ਖਸ਼ੋਗੀ ਦੀ ਹੱਤਿਆ ਲਈ ਜਵਾਬਦੇਹ ਠਹਿਰਾਏ ਜਾਣ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦਾ ਬਿਆਨ ਉਸ ਸਮੇਂ ਆਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਤੇਲ ਕੀਮਤਾਂ ਘੱਟ ਰੱਖਣ ਲਈ ਸਾਊਦੀ ਅਰਬ ਦੀ ਸ਼ਲਾਘਾ ਕੀਤੀ ਹੈ ਜਦਕਿ ਸੀਆਈਏ ਕੋਲ ਖਸ਼ੋਗੀ ਦੀ ਹੱਤਿਆ ’ਚ ਸ਼ਹਿਜ਼ਾਦੇ ਦੀ ਸ਼ਮੂਲੀਅਤ ਸਬੰਧੀ ਪੁਖ਼ਤ ਸਬੂਤ ਹਨ। ਟਰੰਪ ਨੇ ਦੋਹਰਾ ਰੁਖ਼ ਅਪਣਾਉਂਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਸ਼ਹਿਜ਼ਾਦਾ ਬੇਕਸੂਰ ਹੋਵੇ। ਤੁਰਕੀ ਦੇ ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਸੀਆਈਏ ਕੋਲ ਉਹ ਰਿਕਾਰਡਿੰਗ ਹੈ ਜਿਸ ’ਚ ਮੁਹੰਮਦ ਬਿਨ ਸਲਮਾਨ ਨੇ ਖਸ਼ੋਗੀ ਨੂੰ ਛੇਤੀ ਤੋਂ ਛੇਤੀ ਖਾਮੋਸ਼ ਕਰਨ ਦੇ ਹੁਕਮ ਦਿੱਤੇ ਸਨ। ਉਧਰ ਡੈਨਮਾਰਕ ਨੇ ਪੱਤਰਕਾਰ ਦੀ ਹੱਤਿਆ ਦੇ ਵਿਰੋਧ ’ਚ ਸਾਊਦੀ ਅਰਬ ਨੂੰ ਹਥਿਆਰਾਂ ਦੀ ਵਿਕਰੀ ਰੋਕ ਦਿੱਤੀ ਹੈ। ਇਸ ਤੋਂ ਪਹਿਲਾਂ ਜਰਮਨੀ ਨੇ ਸਾਊਦੀ ਅਰਬ ਦੇ 18 ਵਿਅਕਤੀਆਂ ਨੂੰ ਮੁਲਕ ’ਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਸੀ।

VIA PUNJAB