ਖੇਡ ਮੰਤਰੀ ਨੇ ਮੁੱਖ ਮੰਤਰੀ ਤਰਫੋਂ ਪਰਿਵਾਰ ਨੂੰ ਹਰ ਤਰਾਂ ਦੀ ਮੱਦਦ ਦਾ ਦਿੱਤਾ ਭਰੋਸਾ

ਹਾਕੀ ਓਲੰਪੀਅਨ ਬਲਦੇਵ ਸਿੰਘ ਤੇ ਅਜੀਤ ਸਿੰਘ ਨੇ ਵੀ ਹਾਲ ਪੁੱਛਿਆ
ਚੰਡੀਗੜ – ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅੱਜ ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਹਾਲਚਾਲ ਪੁੱਛਣ ਲਈ ਪੀ.ਜੀ.ਆਈ. ਪੁੱਜੇ। ਉਨਾਂ ਡਾਕਟਰਾਂ ਤੋਂ ਜਿੱਥੇ ਉਨਾਂ ਦੀ ਸਿਹਤ ਦਾ ਹਾਲ ਪੁੱਛਿਆ ਉਥੇ ਬਲਬੀਰ ਸਿੰਘ ਸੀਨੀਅਰ ਦੇ ਦੋਹਤੇ ਕਬੀਰ ਸਿੰਘ ਨੂੰ ਮਿਲ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਰਫੋਂ ਹਰ ਤਰਾਂ ਦੀ ਮੱਦਦ ਦਾ ਭਰੋਸਾ ਦਿੱਤਾ। ਰਾਣਾ ਸੋਢੀ ਨੇ ਉਨਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਇਸ ਮੌਕੇ ਖੇਡ ਮੰਤਰੀ ਦੇ ਨਾਲ ਹਾਕੀ ਓਲੰਪੀਅਨ ਬਲਦੇਵ ਸਿੰਘ ਤੇ ਅਜੀਤ ਸਿੰਘ ਅਤੇ ਸਾਬਕਾ ਹਾਕੀ ਖਿਡਾਰੀ ਤੇ ਲੋਕ ਗਾਇਕ ਹਰਦੀਪ ਸਿੰਘ ਵੀ ਸਨ ਜਿਨਾਂ ਪੀ.ਜੀ.ਆਈ. ਦੇ ਨਹਿਰੂ ਹਸਪਤਾਲ ਵਿਖੇ ਆਰ.ਆਈ.ਸੀ.ਯੂ. ਵਿਖੇ ਜਾ ਕੇ ਹਾਲਚਾਲ ਪੁੱਛਿਆ। ਰਾਣਾ ਸੋਢੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਜਿਨਾਂ ਤਿੰਨ ਵਾਰ ਓਲੰਪਿਕ ਖੇਡਾਂ (ਲੰਡਨ-1948, ਹੈਲਸਿੰਕੀ-1952 ਤੇ ਮੈਲਬਰਨ-1956) ਵਿੱਚ ਸੋਨ ਤਮਗਾ ਜਿੱਤਿਆ ਹੈ, ਦੀ ਸਿਹਤ ਨਾਸਾਜ਼ ਹੋਣ ਕਾਰਨ ਪੀ.ਜੀ.ਆਈ. ਵਿਖੇ ਜ਼ੇਰੇ ਇਲਾਜ ਹੈ। ਉਨਾਂ ਕਿਹਾ ਕਿ ਡਾਕਟਰਾਂ ਦੇ ਦੱਸਣ ਅਨੁਸਾਰ ਉਨਾਂ ਦੀ ਸਿਹਤ ਨਾਜ਼ੁਕ ਜ਼ਰੂਰ ਹੈ ਪਰ ਕੰਟਰੋਲ ਹੇਠ ਹੈ। ਉਨਾਂ ਕਿਹਾ ਕਿ ਖਿਡਾਰੀ ਜ਼ਿੰਦਾਦਿਲ ਹੁੰਦੇ ਹਨ ਅਤੇ ਹਰ ਤਰਾਂ ਦੇ ਹਾਲਾਤ ਨਾਲ ਨਜਿੱਠਣ ਲਈ ਦ੍ਰਿੜ ਇਰਾਦੇ ਵਾਲੇ ਹੁੰਦੇ ਹਨ ਜਿਸ ਕਾਰਨ ਉਨਾਂ ਨੂੰ ਪੂਰਨ ਆਸ ਹੈ ਕਿ ਬਲਬੀਰ ਸਿੰਘ ਸੀਨੀਅਰ ਵੀ ਜਲਦ ਤੰਦਰੁਸਤ ਹੋ ਕੇ ਪਹਿਲਾਂ ਵਾਂਗ ਸਾਡੇ ਵਿਚਕਾਰ ਵਿਚਰਨਗੇ। ਉਨਾਂ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ ਕਿ ਹਾਕੀ ਦੇ ਇਸ ਲੀਵਿੰਗ ਲੀਜੈਂਡ ਨੂੰ ਚੰਗੀ ਸਿਹਤ ਅਤੇ ਤੰਦਰੁਸਤੀ ਬਖਸ਼ੇ। ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਉਨਾਂ ਮੁੱਖ ਮੰਤਰੀ ਤਰਫੋਂ ਬਲਬੀਰ ਸਿੰਘ ਸੀਨੀਅਰ ਦੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਨਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਮੱਦਦ ਦੀ ਲੋੜ ਹੋਵੇ ਤਾਂ ਪੰਜਾਬ ਸਰਕਾਰ ਦੇ ਦਰਵਾਜ਼ੇ ਖੁੱਲੇ ਹਨ। ਉਨਾਂ ਕਿਹਾ ਕਿ ਉਹ ਨਿਰੰਤਰ ਉਨਾਂ ਦੇ ਪਰਿਵਾਰ ਨਾਲ ਰਾਬਤਾ ਰੱਖ ਕੇ ਸਿਹਤ ਦਾ ਹਾਲ ਪੁੱਛਦੇ ਰਹਿਣਗੇ। ਉਨਾਂ ਕਿਹਾ ਕਿ ਅਜਿਹੇ ਖਿਡਾਰੀ ਸਾਡਾ ਸਰਮਾਇਆ ਹਨ ਅਤੇ ਇਨਾਂ ਤੋਂ ਹੀ ਮਾਰਗ ਦਰਸ਼ਨ ਲੈ ਕੇ ਅਸੀਂ ਸੂਬੇ ਵਿੱਚ ਖੇਡਾਂ ਦਾ ਉਸਾਰੂ ਮਾਹੌਲ ਸਿਰਜਣਾ ਹੈ। ਇਸ ਮੌਕੇ ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ ਤੇ ਪੰਜਾਬ ਕਾਂਗਰਸ ਦੇ ਤਰਜ਼ਮਾਨ ਸ੍ਰੀ ਰਿੰਪਲ ਮਿੱਢਾ ਵੀ ਹਾਜ਼ਰ ਸਨ।

VIA PUNJAB