ਜਗਰਾਉਂ ’ਚ 10 ਕਿੱਲੋ ਅਫ਼ੀਮ ਸਮੇਤ ਦੋ ਕਾਬੂ

ਜਗਰਾਉਂ – ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵੱਲੋਂ 10 ਕਿਲੋ ਅਫੀਮ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ 18 ਲੱਖ 68 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਐਸ. ਪੀ. (ਇੰਨ:) ਤਰੁਨ ਰਤਨ, ਡੀ. ਐਸ. ਪੀ. (ਇੰਨ:) ਅਮਨਦੀਪ ਸਿੰਘ ਬਰਾੜ ਤੇ ਡੀ. ਐਸ. ਪੀ. ਰਾਏਕੋਟ ਗੁਰਮੀਤ ਸਿੰਘ ਦੀ ਨਿਗਰਾਨੀ ਹੇਠ ਐਸ. ਆਈ. ਸਿਮਰਨਜੀਤ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਨੇ ਪੁਲਿਸ ਪਰਾਟੀ ਸਮੇਤ ਨਹਿਰ ਪੁੱਲ ਦੱਧਾਹੂਰ ’ਤੇ ਨਾਕਾਬੰਦੀ ਕੀਤੀ ਗਈ ਸੀ ਤਾਂ ਪਿੰਡ ਕੁਤਬਾ ਸਾਈਡ ਵੱਲੋਂ ਇਕ ਬਰੀਜਾ ਕਾਰ ਨੰਬਰ ਡਬਲਊ-ਬੀ 74 ਏ. ਵੀ. 5565 ਆਈ, ਜਿਸ ਨੂੰ ਪੁਲਿਸ ਪਾਰਟੀ ਨੇ ਰੋਕ ਕੇ ਤਲਾਸ਼ੀ ਲਈ ਤਾਂ ਉਸ ’ਚੋਂ 10 ਕਿਲੋ ਅਫੀਮ ਬਰਾਮਦ ਹੋਈ ਤੇ ਕਾਰ ਦੇ ਡੈਸ਼ ਬੋਰਡ ’ਚੋਂ 18 ਲੱਖ 64 ਹਜ਼ਾਰ ਰੁਪਏ ਵੀ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਗੱਡੀ ਨੂੰ ਸੁਖਜਿੰਦਰ ਸਿੰਘ ਉਰਫ਼ ਸੁੱਖਾ ਪੁੱਤਰ ਲਾਲ ਸਿੰਘ ਵਾਸੀ ਰਾਏਕੋਟ ਹਾਲ ਵਾਸੀ ਆਬਾਦ ਮੀਅਲਾਨੀ ਜੋਤੇ ਪੱਛਮੀ ਬੰਗਾਲ ਚਲਾ ਰਿਹਾ ਸੀ ਤੇ ਗੁਰਪ੍ਰੀਤ ਸਿੰਘ ਉਰਫ਼ ਪੀਤਾ ਪੁੱਤਰ ਬਿੱਕਰ ਸਿੰਘ ਵਾਸੀ ਅਕਾਲ ਪੱਤੀ ਮਹਿਣਾ ਹਾਲ ਵਾਸੀ ਮੀਅਲਾਨੀ ਜੋਤੇ ਪੱਛਮੀ ਬੰਗਾਲ ਨਾਲ ਬੈਠਾ ਸੀ, ਜਿਨ੍ਹਾਂ ਖਿਲਾਫ਼ ਮੁਕੱਦਮਾ ਨੰਬਰ 144 ਅ/ਧ 18/25/61/85 ਐਨ. ਡੀ. ਪੀ. ਐਸ. ਐਕਟ ਤਹਿਤ ਥਾਣਾ ਸਦਰ ’ਚ ਦਰਜ ਕੀਤਾ ਗਿਆ। ਉਕਤ ਵਿਅਕਤੀਆਂ ਕੋਲੋ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਸੁਖਜਿੰਦਰ ਸਿੰਘ ਉਰਫ਼ ਸੁੱਖਾ ਖਿਲਾਫ਼ ਪਹਿਲਾ ਵੀ ਭੂੱਕੀ ਚੂਰਾ ਪੋਸਤ ਦਾ ਇਕ ਮੁਕੱਦਮਾ ਪੱਛਮੀ ਬੰਗਾਲ ’ਚ ਦਰਜ ਹੈ। ਐਸ. ਐਸ. ਪੀ. ਬਰਾੜ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲੋ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

VIA PUNJAB