ਜੋਹਰ ਕੱਪ ’ਚ ਭਾਰਤ ਦੀ ਲਗਾਤਾਰ ਤੀਜੀ ਜਿੱਤ

ਜੋਹਰ ਬਾਰੂ – ਕਪਤਾਨ ਮਨਦੀਪ ਮੋਰ ਵੱਲੋਂ 42ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਕੀਤੇ ਗੋਲ ਦੀ ਮਦਦ ਨਾਲ ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੱਜ ਇਥੇ ਮੀਂਹ ਪ੍ਰਭਾਵਿਤ ਮੁਕਾਬਲੇ ਵਿੱਚ ਜਾਪਾਨ ਨੂੰ 1-0 ਦੀ ਸ਼ਿਕਸਤ ਦਿੰਦਿਆਂ ਅੱਠਵੇਂ ਸੁਲਤਾਨ ਜੋਹਰ ਕੱਪ ਟੂਰਨਾਮੈਂਟ ਵਿੱਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਪਹਿਲੇ ਕੁਆਰਟਰ ਦੌਰਾਨ ਮੀਂਹ ਕਰਕੇ ਮੈਚ ਨੂੰ ਕੁਝ ਦੇਰ ਲਈ ਰੋਕਣਾ ਪਿਆ, ਪਰ ਇਸ ਦੇ ਬਾਵਜੂਦ ਮੈਚ ਦਾ ਰੋਮਾਂਚ ਘੱਟ ਨਹੀਂ ਹੋਇਆ। ਦੋਵਾਂ ਟੀਮਾਂ ਨੇ ਇਕ ਦੂਜੇ ਨੂੰ ਸਖ਼ਤ ਟੱਕਰ ਦਿੱਤੀ। ਭਾਰਤ ਦੀ ਮੂਹਰਲੀ ਕਤਾਰ ਦੇ ਖਿਡਾਰੀਆਂ ਨੂੰ ਜਪਾਨ ਦੀ ਅਨੁਸ਼ਾਸਿਤ ਰੱਖਿਆ ਲਾਈਨ ਦੀ ਚੰਗੀ ਖੇਡ ਅੱਗੇ ਖਾਸਾ ਸੰਘਰਸ਼ ਕਰਨਾ ਪਿਆ। ਪਹਿਲੇ ਤੇ ਦੂਜੇ ਕੁਆਰਟਰ ਵਿੱਚ ਭਾਰਤੀ ਟੀਮ ਜਾਪਾਨ ਦੇ ਚੰਗੇ ਡਿਫੈਂਸ ਕਰਕੇ ਗੋਲ ਕਰਨ ਵਿੱਚ ਨਾਕਾਮ ਰਹੀ। ਤੀਜੇ ਕੁਆਰਟਰ ਵਿੱਚ ਟੀਮ ਨੂੰ ਦੋ ਪੈਨਲਟੀ ਕਾਰਨਰ ਮਿਲੇ, ਜਿਨ੍ਹਾਂ ਵਿੱਚੋਂ ਇਕ ਨੂੰ ਮਨਦੀਪ ਨੇ ਗੋਲ ’ਚ ਬਦਲ ਦਿੱਤਾ। ਭਾਰਤੀ ਜੂਨੀਅਰ ਟੀਮ ਇਸ ਤੋਂ ਪਹਿਲਾਂ ਮਲੇਸ਼ੀਆ ਨੂੰ 2-1 ਤੇ ਨਿਊਜ਼ੀਲੈਂਡ ਨੂੰ 7-1 ਨਾਲ ਹਰਾ ਚੁੱਕੀ ਹੈ।

VIA PUNJAB