ਜੌਨ ਮੈਕੇਨ ਦੀ ਬੇਟੀ ਨੇ ਡੋਨਾਲਡ ਟਰੰਪ ‘ਤੇ ਵਿੰਨ੍ਹਿਆ ਨਿਸ਼ਾਨਾ

ਵਾਸ਼ਿੰਗਟਨ – ਮਰਹੂਮ ਸੈਨੇਟਰ ਅਤੇ ਵੀਅਤਨਾਮ ਯੁੱਧ ਦੇ ਹੀਰੋ ਜੌਨ ਮੈਕੇਨ ਦੀ ਬੇਟੀ ਮੇਗਨ ਮੈਕੇਨ ਨੇ ਸ਼ਨੀਵਾਰ ਨੂੰ ਆਪਣੇ ਪਿਤਾ ਨੂੰ ਭਾਵਨਾਤਮਕ ਸ਼ਰਧਾਂਜਲੀ ਦਿੱਤੀ। ਵਾਸ਼ਿੰਗਟਨ ਦੇ ਨੈਸ਼ਨਲ ਕੈਥੇਡ੍ਰਲ ਵਿਚ ਇਸ ਭਾਵਨਾਤਮਕ ਭਾਸ਼ਣ ਵਿਚ ਉਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਸ਼ਾਨਾ ਵਿੰਨ੍ਹਿਆ। ਇਕ ਸਮਾਚਾਰ ਏਜੰਸੀ ਮੁਤਾਬਕ ਉਸ ਨੇ ਆਪਣੀ ਟਿੱਪਣੀ ਵਿਚ ਆਪਣੇ ਪਿਤਾ ਦੀ ਪ੍ਰਸ਼ੰਸਾ ਕੀਤੀ। ਦੋ ਵਾਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਹਿ ਚੁੱਕੇ ਮੈਕੇਨ ਦੀ ਬੇਟੀ ਨੇ ਆਪਣੇ ਪਿਤਾ ਲਈ ਕਿਹਾ,”ਉਹ ਇਕ ਮਹਾਨ ਸ਼ਖਸੀਅਤ ਸਨ।” ਉਸ ਨੇ ਅੱਗੇ ਕਿਹਾ,”ਅਸੀਂ ਇੱਥੇ ਇਕ ਮਹਾਨ ਅਮਰੀਕੀ ਸ਼ਖਸ ਦੇ ਦੇਹਾਂਤ ‘ਤੇ ਸੋਗ ਮਨਾਉਣ ਲਈ ਇਕੱਠੇ ਹੋਏ ਹਾਂ। ਇਹ ਇਕ ਸੱਚਾਈ ਹੈ ਨਾ ਕਿ ਝੂਠੀਆਂ ਗੱਲਾਂ ਬਨਾਉਣ ਵਾਲਿਆਂ ਦੀ ਤਰ੍ਹਾਂ ਹੈ ਜੋ ਕਦੇ ਬਲੀਦਾਨ ਦੇ ਕਰੀਬ ਨਹੀਂ ਪਹੁੰਚ ਸਕਦੇ। ਮੇਰੇ ਪਿਤਾ ਨੇ ਸਭ ਕੁਝ ਆਪਣੀ ਇੱਛਾ ਨਾਲ ਕੀਤਾ। ਮੌਕਾਪ੍ਰਸਤ ਆਪਣੇ ਆਰਾਮ ਮੁਤਾਬਕ ਜਿਉਂਦੇ ਹਨ ਜਦਕਿ ਉਨ੍ਹਾਂ ਨੇ ਬਹੁਤ ਕੁਝ ਸਹਿਣ ਕੀਤਾ ਅਤੇ ਦੇਸ਼ ਦੀ ਸੇਵਾ ਕੀਤੀ।” ਮੰਨਿਆ ਜਾ ਰਿਹਾ ਹੈ ਕਿ ਮੈਕੇਨ ਦੀ ਬੇਟੀ ਨੇ ਭਾਵੇਂ ਟਰੰਪ ਦਾ ਨਾਮ ਨਾ ਲਿਆ ਹੋਵੇ ਪਰ ਸਪੱਸ਼ਟ ਤੌਰ ‘ਤੇ ਇਹ ਟਿੱਪਣੀਆਂ ਟਰੰਪ ਲਈ ਕੀਤੀਆਂ ਗਈਆਂ ਸਨ।

VIA PUNJAB