ਝਾਰਖੰਡ ‘ਚ ਮੁਕਾਬਲੇ ਦੌਰਾਨ ਚਾਰ ਨਕਸਲੀ ਢੇਰ-ਇਕ ਜਵਾਨ ਸ਼ਹੀਦ-ਚਾਰ ਜ਼ਖ਼ਮੀ

ਦੁਮਕਾ – ਝਾਰਖੰਡ ਦੇ ਦੁਮਕਾ ‘ਚ ਮਸਲੀਆ ਥਾਣਾ ਖੇਤਰ ਦੇ ਕਟਹਲੀਆ ਪਿੰਡ ਵਿੱਚ ਐਤਵਾਰ ਸਵੇਰੇ ਕਰੀਬ ਚਾਰ ਵਜੇ ਪੁਲਿਸ ਅਤੇ ਨਕਸਲੀਆਂ ਦਰਮਿਆਨ ਮੁਕਾਬਲੇ ‘ਚ ਨੀਮ ਫ਼ੌਜੀ ਬਲ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਮੁਕਾਬਲੇ ਵਿੱਚ ਪੁਲਿਸ ਦੇ ਚਾਰ ਜਵਾਨਾਂ ਨੂੰ ਗੋਲੀ ਲੱਗੀ ਹੈ। ਜ਼ਖ਼ਮੀ ਜਵਾਨਾਂ ਦਾ ਇਲਾਜ ਸਦਰ ਹਸਪਤਾਲ ‘ਚ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਰਾਂਚੀ ਰੈਫਰ ਕਰ ਦਿੱਤਾ ਗਿਆ। ਦੁਮਕਾ ਦੇ ਐੱਸ.ਪੀ. ਵਾਈ.ਐੱਸ. ਰਮੇਸ਼ ਨੇ ਦੱਸਿਆ ਕਿ ਮੁਕਾਬਲੇ ‘ਚ ਚਾਰ ਤੋਂ ਪੰਜ ਨਕਸਲੀ ਵੀ ਮਾਰੇ ਗਏ ਹਨ। ਕਈ ਨਕਸਲੀਆਂ ਨੂੰ ਗੋਲੀ ਲੱਗੀ ਹੈ। ਹਾਲਾਂਕਿ, ਹੁਣ ਤੱਕ ਨਕਸਲੀਆਂ ਦੀ ਕੋਈ ਲਾਸ਼ ਬਰਾਮਦ ਨਹੀਂ ਕੀਤੀ ਜਾ ਸਕੀ। ਮੁਕਾਬਲੇ ਸ਼ਹੀਦ ਹੋਏ ਜਵਾਨ ਦੀ ਪਛਾਣ ਅਸਾਮ ਦੇ ਨੀਰਜ ਸ਼ੇਤਰੀ ਵਜੋਂ ਹੋਈ ਹੈ। ਸਾਰੇ ਜਵਾਨ ਹਥਿਆਰਬੰਦ ਸਰਹੱਦੀ ਬਲ ਦੀ 35ਵੀਂ ਬਟਾਲੀਅਨ ਦੇ ਹਨ। ਦੱਸਿਆ ਗਿਆ ਹੈ ਕਿ ਪੁਲਿਸ ਅਤੇ ਸੁਰੱਖਿਆ ਬਲ ਦੇ ਜਵਾਨ ਕਾਂਬਿੰਗ ਆਪ੍ਰੇਸ਼ਨ ਲਈ ਏਰੀਆ ਡੋਮੀਨੇਸ਼ਨ ਕਰ ਰਹੇ ਸਨ, ਇਸ ਲੜੀ ‘ਚ ਮਸਲੀਆ ਥਾਣਾ ਖੇਤਰ ਦੇ ਕਟਹਲੀਆ ਪਿੰਡ ਵਿੱਚ ਨਕਸਲੀਆਂ ਦੀ ਮੌਜੂਦਗੀ ਦੀ ਭਿਣਕ ਉਨ੍ਹਾਂ ਨੂੰ ਲੱਗ ਗਈ। ਸੂਤਰਾਂ ਤੋਂ ਇੱਥੇ ਮਾਓਵਾਦੀਆਂ ਦੇ ਦਸਤੇ ਦੇ ਰੁਕੇ ਹੋਣ ਦੀ ਪੁਸ਼ਟੀ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲ ਵੱਲੋਂ ਮੁਕਾਬਲਾ ਕੀਤਾ ਗਿਆ।

VIA PUNJAB