ਬਿਹਾਰ ਕੈਬਨਿਟ ਦੇ ਵਿਸਥਾਰ ਦੌਰਾਨ ਭਾਜਪਾ ਨੂੰ ਕੋਈ ਨੁਮਾਇੰਦਗੀ ਨਹੀਂ

ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ‘ਚ 8 ਮੰਤਰੀਆਂ ਵੱਲੋਂ ਹਲਫ਼

ਪਟਨਾ – ਬਿਹਾਰ ਵਿੱਚ ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਗਿਆ। ਖ਼ਾਸ ਗੱਲ ਇਹ ਰਹੀ ਕਿ ਇਸ ਵਿਸਤਾਰ ਵਿੱਚ ਰਾਸ਼ਟਰੀ ਜਮਹੂਰੀ ਗਠਜੋੜ ਦੀਆਂ ਸਹਿਯੋਗੀ ਪਾਰਟੀਆਂ ਭਾਰਤੀ ਜਨਤਾ ਪਾਰਟੀ ਅਤੇ ਲੋਕ ਜਨਸ਼ਕਤੀ ਪਾਰਟੀ ਨੂੰ ਜਗ੍ਹਾ ਨਹੀਂ ਮਿਲੀ। ਲੋਕ ਸਭਾ ਚੋਣਾਂ ਤੋਂ ਬਾਅਦ ਸੰਸਦ ਪਹੁੰਚੇ ਮੰਤਰੀ ਰਾਜੀਵ ਰੰਜਨ ਸਿੰਘ ਉਰਫ਼ ਲਲਨ ਸਿੰਘ, ਦਿਨੇਸ਼ ਚੰਦਰ ਯਾਦਵ ਅਤੇ ਪਸ਼ੂਪਤੀ ਕੁਮਾਰ ਪਾਰਸ ਨੇ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਬਾਅਦ ਮੰਤਰੀ ਮੰਡਲ ਵਿਸਤਾਰ ਨੂੰ ਤੈਅ ਮੰਨਿਆ ਜਾ ਰਿਹਾ ਸੀ, ਪਰ ਇਸ ਵਿਸਤਾਰ ਦੀ ਟਾਈਮਿੰਗ ਨੂੰ ਲੈ ਕੇ ਚਰਚਾ ਗਰਮ ਹੈ। ਕੇਂਦਰੀ ਮੰਤਰੀ ਮੰਡਲ ਵਿੱਚ ਜਨਤਾ ਦਲ ਯੂਨਾਈਟਿਡ ਸੁਪਰੀਮੋ ਨਿਤੀਸ਼ ਕੁਮਾਰ ਵੱਲੋਂ ਸੰਕੇਤਕ ਨੁਮਾਇੰਦਗੀ ਨਾਮਨਜ਼ੂਰ ਕਰਨ ਦੇ ਤਿੰਨ ਦਿਨਾਂ ਬਾਅਦ ਬਿਹਾਰ ਦੇ ਇਸ ਮੰਤਰੀ ਮੰਡਲ ਨੂੰ ਨਿਤੀਸ਼ ਦੇ ਪਲਟਵਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂ ਕਿ, ਜੇ.ਡੀ.ਯੂ. ਦੇ ਸ਼ਿਆਮ ਰਜਕ ਨੇ ਇਸ ਤੋਂ ਇਨਕਾਰ ਕਰਦੇ ਹੋਏ ਐੱਨ.ਡੀ.ਏ. ਦਾ ਅਟੁੱਟ ਹਿੱਸਾ ਦੱਸਿਆ। ਓਧਰ, ਬੀਜੇਪੀ ਬੁਲਾਰੇ ਅਫਜ਼ੀ ਸ਼ਮਸ਼ੀ ਨੇ ਵੀ ਕਿਹਾ ਹੈ ਕਿ ਨਿਤੀਸ਼ ਕੁਮਾਰ ਨਾਰਾਜ਼ ਨਹੀਂ ਹਨ। ਮੰਤਰੀ ਮੰਡਲ ਦੇ ਖ਼ਾਲੀ ਅਹੁਦੇ ਜੇਡੀਯੂ ਕੋਟੇ ਦੇ ਹਨ। ਜ਼ਿਕਰਯੋਗ ਹੈ ਕਿ ਬਿਹਾਰ ਵਿੱਚ ਮੰਤਰੀਆਂ ਦੀ ਗਿਣਤੀ 25 ਰਹਿ ਗਈ ਸੀ। ਇਨ੍ਹਾਂ ਵਿੱਚ ਜੇ.ਡੀ.ਯੂ. ਦੇ 12 ਅਤੇ ਭਾਜਪਾ ਦੇ ਮੰਤਰੀ 13 ਸ਼ਾਮਿਲ ਸਨ। 243 ਮੈਂਬਰੀ ਬਿਹਾਰ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਨੂੰ ਮਿਲਾ ਕੇ ਕੁੱਲ 36 ਮੰਤਰੀ ਬਣਾਏ ਜਾ ਸਕਦੇ ਹਨ। ਅੱਜ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ 25 ਮੰਤਰੀ ਸਨ। ਇਸ ਲਈ ਮੰਤਰੀ ਮੰਡਲ ‘ਚ 11 ਪੋਸਟਾਂ ਸਨ। ਇਨ੍ਹਾਂ ਵਿੱਚ ਭਾਜਪਾ ਦੇ 2 ਮੰਤਰੀ ਅਹੁਦੇ ਸ਼ਾਮਿਲ ਹਨ। ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਲਈ ਸੰਭਾਵਨਾ ਹੈ ਇਹ ਨਿਤੀਸ਼ ਕੈਬਨਿਟ ਦਾ ਅੰਤਿਮ ਵਿਸਤਾਰ ਹੋਵੇ।

VIA PUNJAB