ਟਰੰਪ ਨੇ ਟੋਕੀਓ ’ਚ ਇਰਾਨ ਪ੍ਰਤੀ ਸੁਰ ਬਦਲੀ

ਟੋਕੀਓ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਅਮਰੀਕਾ ਇਰਾਨ ’ਚ ਸੱਤਾ ਤਬਦੀਲ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਨਾਲ ਹੀ ਉੱਤਰ ਕੋਰਿਆਈ ਆਗੂ ਕਿਮ ਯੌਂਗ ਉਨ ਨੂੰ ‘ਬਹੁਤ ਹੀ ਸਿਆਣਾ’ ਵਿਅਕਤੀ ਕਰਾਰ ਦਿੱਤਾ। ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਨਾਲ ਗੱਲਬਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਰਾਨ ਨਾਲ ਅਮਰੀਕਾ ਦੇ ਸਬੰਧਾਂ ਬਾਰੇ ਉਨ੍ਹਾਂ ਕਿਹਾ, ‘ਅਸੀਂ ਕਿਸੇ ਵੀ ਸੱਤਾ ਦੀ ਤਬਦੀਲੀ ਨਹੀਂ ਕਰਨਾ ਚਾਹੁੰਦੇ। ਮੈਂ ਸਿਰਫ਼ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅਸੀਂ ਕੋਈ ਪ੍ਰਮਾਣੂ ਹਥਿਆਰ ਨਹੀਂ ਚਾਹੁੰਦੇ।’ ਉਨ੍ਹਾਂ ਕਿਹਾ ਕਿ ਉਹ ਤਹਿਰਾਨ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ ਅਤੇ ਉਹ ਚਾਹੁੰਦੇ ਹਨ ਕਿ ਦੋਵੇਂ ਧਿਰਾਂ ਕਿਸੇ ਸਮਝੌਤੇ ਤੱਕ ਪਹੁੰਚਣ। ਇਸ ਤੋਂ ਪਹਿਲਾਂ ਵੀ ਉਨ੍ਹਾਂ ਤਹਿਰਾਨ ਲਈ ਵਿਚਾਰ ਵਟਾਂਦਰੇ ਦੇ ਦਰਵਾਜ਼ੇ ਖੋਲ੍ਹਦਿਆਂ ਕਿਹਾ ਸੀ ਕਿ ਜੇਕਰ ਉਹ ਗੱਲਬਾਤ ਕਰਨਾ ਚਾਹੁੰਦੇ ਹਨ ਤਾਂ ਉਹ ਵੀ ਗੱਲਬਾਤ ਕਰਨਗੇ। ਅਮਰੀਕਾ ਨੇ ਲੰਘੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਇਰਾਨ ਵੱਲੋਂ ਪੈਦਾ ਹੋ ਰਹੇ ਸੰਭਾਵੀ ਖਤਰਿਆਂ ਨਾਲ ਨਜਿੱਠਣ ਲਈ ਉਹ ਪੱਛਮੀ ਏਸ਼ੀਆ ’ਚ 1500 ਸੈਨਿਕ ਵੱਧ ਤਾਇਨਾਤ ਕਰ ਰਿਹਾ ਹੈ। ਇਰਾਨ ਨਾਲ ਹੋਏ ਕੌਮਾਂਤਰੀ ਪ੍ਰਮਾਣੂ ਸਮਝੌਤੇ ਤੋਂ ਬਾਹਰ ਨਿਕਲਣ ਅਤੇ ਤੇਲ ਉਤਪਾਦਕ ਦੇਸ਼ ’ਤੇ ਮੁੜ ਤੋਂ ਪਾਬੰਦੀ ਲਗਾਉਣ ਦੇ ਟਰੰਪ ਦੇ ਪਿਛਲੇ ਸਾਲ ਦੇ ਫ਼ੈਸਲੇ ਮਗਰੋਂ ਦੋਵਾਂ ਮੁਲਕਾਂ ਵਿਚਾਲੇ ਤਣਾਅ ਵਧ ਗਿਆ ਹੈ।

VIA PUNJAB