ਟੈਨਿਸ ’ਚ ਵਾਪਸੀ ਕਿਸੇ ਪ੍ਰਾਪਤੀ ਲਈ ਨਹੀਂ: ਸਾਨੀਆ

ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਕਿਹਾ ਹੈ ਕਿ ਉਹ ਆਪਣੇ ਕਰੀਅਰ ’ਚ ਇੰਨਾ ਕੁਝ ਹਾਸਲ ਕਰ ਚੁੱਕੀ ਹੈ ਕਿ ਹੁਣ ਦੂਜੀ ਪਾਰੀ ’ਚ ਉਸ ਨੂੰ ਕੁਝ ਵੀ ਸਾਬਤ ਨਹੀਂ ਕਰਨਾ ਹੈ ਅਤੇ ਉਹ ਜਨਵਰੀ 2020 ਤੱਕ ਵਾਪਸੀ ਦੀ ਕੋਸ਼ਿਸ਼ ’ਚ ਹੈ। ਮਾਂ ਬਣਨ ਤੋਂ ਬਾਅਦ ਦੋ ਸਾਲ ਤੋਂ ਵੀ ਵਧ ਸਮੇਂ ਮਗਰੋਂ ਟੈਨਿਸ ਮੁਕਾਬਲੇ ’ਚ ਵਾਪਸੀ ਦੀ ਤਿਆਰੀ ਕਰ ਰਹੀ 32 ਸਾਲਾ ਸਾਨੀਆ ਰੋਜ਼ਾਨਾ ਚਾਰ ਘੰਟੇ ਅਭਿਆਸ ਕਰਦੀ ਹੈ ਅਤੇ ਉਸ ਨੇ 26 ਕਿਲੋ ਵਜ਼ਨ ਕਰ ਲਿਆ ਹੈ। ਉਸ ਨੇ ਆਪਣੇ ਕਰੀਅਰ ਦੇ ਸੁਨਹਿਰੀ ਦੌਰ ਦੌਰਾਨ ਛੇ ਡਬਲਜ਼ ਗਰੈਂਡ ਸਲੈਮ ਜਿੱਤੇ ਤੇ ਵਿਸ਼ਵ ਰੈਂਕਿੰਗ ’ਚ ਨੰਬਰ ਇੱਕ ਤੱਕ ਪਹੁੰਚੀ। ਇਸ ਤੋਂ ਇਲਾਵਾ ਸਵਿਟਜ਼ਰਲੈਂਡ ਦੀ ਮਾਰਟੀਨਾ ਹਿੰਗਿਜ਼ ਨਾਲ ਡਬਲਯੂਟੀਏ ਸਰਕਿਟ ’ਤੇ ਕਈ ਖ਼ਿਤਾਬ ਜਿੱਤੇ।ਸਾਨੀਆ ਨੇ ਅੱਜ ਕਿਹਾ, ‘ਮੈਂ ਆਪਦੇ ਕਰੀਅਰ ’ਚ ਇੰਨਾ ਕੁਝ ਹਾਸਲ ਕਰ ਲਿਆ ਹੈ ਕਿ ਕਦੀ ਸੋਚਿਆ ਵੀ ਨਹੀਂ ਸੀ। ਹੁਣ ਅਗਲੀ ਪਾਰੀ ਜੋ ਹੋਵੇਗਾ ਉਹ ਮੇਰੇ ਲਈ ਬੋਨਸ ਹੋਵੇਗਾ। ਮੈਨੂੰ ਲੱਗ ਰਿਹਾ ਸੀ ਮੈਂ ਅਗਸਤ ਤੱਕ ਵਾਪਸੀ ਕਰ ਸਕਾਂਗੀ ਪਰ ਹੁਣ ਜਨਵਰੀ ’ਚ ਇਸ ਦੀ ਸੰਭਾਵਨਾ ਲੱਗ ਰਹੀ ਹੈ।’ ਉਨ੍ਹਾਂ ਕਿਹਾ, ‘ਮੇਰਾ ਪੁੱਤਰ ਇਜ਼ਹਾਨ ਮੇਰੇ ਲਈ ਸਭ ਤੋਂ ਵੱਡਾ ਤੋਹਫ਼ਾ ਹੈ। ਜੇਕਰ ਮੈਂ ਵਾਪਸੀ ਕਰ ਸਕੀ ਤਾਂ ਇਹ ਸ਼ਾਨਦਾਰ ਹੋਵੇਗਾ। ਮੇਰਾ ਪੁੱਤਰ ਫਿਰ ਤੋਂ ਫਿੱਟ ਹੋਣ ਲਈ ਮੇਰੀ ਪ੍ਰੇਰਨਾ ਰਿਹਾ ਹੈ।

VIA PUNJAB