ਟੈਨਿਸ: ਬੋਪੰਨਾ ਤੇ ਸ਼ਰਨ ਦੀ ਜੋੜੀ ਨੇ ਜਿੱਤਿਆ ਗੋਲਡ ਮੈਡਲ

ਪਾਲੇਮਬਾਂਗ – ਸੀਨੀਅਰ ਦਰਜਾ ਪ੍ਰਾਪਤ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਨੇ ਏਸ਼ਿਆਈ ਖੇਡਾਂ ਦੇ ਪੁਰਸ਼ ਡਬਲਜ਼ ਟੈਨਿਸ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਲਿਆ, ਜਦਕਿ ਪੁਰਸ਼ ਸਿੰਗਲਜ਼ ਮੁਕਾਬਲੇ ਵਿੱਚ ਪ੍ਰਜਨੇਸ਼ ਗੁਣੇਸ਼ਵਰਨ ਨੂੰ ਸੈਮੀ ਫਾਈਨਲ ਵਿੱਚ ਹਾਰ ਕੇ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਪ੍ਰਜਨੇਸ਼ ਅੱਜ ਡੈਨਿਸ ਇਸਤੋਮਿਨ ਤੋਂ 2-6, 2-6 ਨਾਲ ਹਾਰ ਗਿਆ। ਇਸ ਤਰ੍ਹਾਂ ਭਾਰਤ ਨੇ ਟੈਨਿਸ ਵਿੱਚ ਇੱਕ ਸੋਨਾ ਅਤੇ ਦੋ ਚਾਂਦੀ ਸਣੇ ਕੁੱਲ ਤਿੰਨ ਤਗ਼ਮੇ ਜਿੱਤ ਕੇ ਆਪਣੀ ਮੁਹਿੰਮ ਖ਼ਤਮ ਕੀਤੀ ਹੈ। ਇਸ ਤੋਂ ਪਹਿਲਾਂ ਅੰਕਿਤਾ ਰੈਣਾ ਨੇ ਸਿੰਗਲਜ਼ ਵਿੱਚ ਕਾਂਸੀ ਜਿੱਤੀ ਸੀ। ਬੋਪੰਨਾ ਅਤੇ ਸ਼ਰਨ ਨੇ ਕਜ਼ਾਖ਼ਸਤਾਨ ਦੇ ਅਲੈਕਜ਼ੈਂਡਰ ਬਬਲਿਕ ਅਤੇ ਡੈਨਿਸ ਯੇਵਸੇਯੇਵ ਨੂੰ 52 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 6-3, 6-4 ਨਾਲ ਹਰਾਇਆ। ਮੈਚ ਵਿੱਚ 20 ਮਿੰਟ ਦੇ ਅੰਦਰ ਭਾਰਤੀ ਟੀਮ ਨੇ 4-1 ਨਾਲ ਲੀਡ ਬਣਾ ਲਈ ਸੀ। ਇਸ ਤੋਂ ਬਾਅਦ ਲੀਡ 5-3 ਦੀ ਹੋ ਗਈ ਅਤੇ ਬੋਪੰਨਾ ਦੀ ਸਰਵਿਸ ’ਤੇ ਪਹਿਲਾ ਸੈੱਟ ਜਿੱਤਿਆ। ਕਜ਼ਾਖ਼ ਖਿਡਾਰੀਆਂ ਨੇ ਕਈ ਗ਼ਲਤੀਆਂ ਕੀਤੀਆਂ। ਦੂਜੇ ਪਾਸੇ ਬੋਪੰਨਾ ਤੇ ਸ਼ਰਨ ਵਿਚਾਲੇ ਕਮਾਲ ਦਾ ਤਾਲਮੇਲ ਵੇਖਣ ਨੂੰ ਮਿਲਿਆ। ਦੂਜੇ ਸੈੱਟ ਵਿੱਚ ਕਜ਼ਾਖ਼ ਟੀਮ ਨੇ ਬਿਹਤਰ ਪ੍ਰਦਰਸ਼ਨ ਕੀਤਾ, ਪਰ ਸਹਿਜ ਗ਼ਲਤੀਆਂ ’ਤੇ ਕਾਬੂ ਨਹੀਂ ਪਾ ਸਕੀ। ਉਸ ਨੇ ਪੰਜਵੇਂ ਗੇਮ ਵਿੱਚ ਡਬਲ ਫਾਲਟ ਵੀ ਕੀਤਾ, ਜਿਸ ਦਾ ਟੀਮ ਨੂੰ ਖ਼ਮਿਆਜ਼ਾ ਭੁਗਤਨਾ ਪਿਆ।

VIA PUNJAB