ਟੈਸਟ ਗੇਂਦਬਾਜ਼ ਦੇ ਰੂਪ ਚ ਸੁਧਾਰ ਕਰਨ ਲਈ ਹੋਰ ਸਮੇਂ ਦੀ ਜ਼ਰੂਰਤ ਕੁਲਦੀਪ

ਸਿਡਨੀ – ਆਸਟਰੇਲੀਆ ਦੀ ਧਰਤੀ ‘ਤੇ ਆਪਣੇ ਪਹਿਲੇ ਟੈਸਟ ‘ਚ ਪ੍ਰਭਾਵਿਤ ਕਰਨ ਵਾਲੇ ਭਾਰਤੀ ਸਪਿਨਰ ਕੁਲਦੀਪ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਟੈਸਟ ਗੇਂਦਬਾਜ਼ ਦੇ ਰੂਪ ‘ਚ ਸੁਧਾਰ ਕਰਨ ਲਈ ਹੋਰ ਸਮੇਂ ਦੀ ਜ਼ਰੂਰਤ ਹੈ। 24 ਸਾਲਾ ਸੱਜੇ ਹੱਥ ਦੇ ਕਲਾਈ ਸਪਿਨਰ ਨੇ ਤਿੰਨ ਵਿਕਟ ਹਾਸਲ ਕੀਤੇ ਜਿਸ ਨਾਲ ਆਸਟਰੇਲੀਆਈ ਟੀਮ ਚੌਥੇ ਟੈਸਟ ਦੇ ਤੀਜੇ ਦਿਨ ਭਾਰਤ ਦੇ 7 ਵਿਕਟਾਂ ‘ਤੇ 622 ਦੌੜਾਂ ‘ਤੇ ਐਲਾਨੀ ਪਹਿਲੀ ਪਾਰੀ ਦੇ ਜਵਾਬ ‘ਚ 236 ਦੌੜਾਂ ‘ਤੇਂ 6 ਵਿਕਟਾਂ ਗੁਆ ਕੇ ਜੂਝ ਰਹੀ ਸੀ। ਲਾਰਡਸ ਦੇ ਬਾਅਦ ਵਿਦੇਸ਼ੀ ਧਰਤੀ ‘ਤੇ ਆਪਣਾ ਪਹਿਲਾ ਟੈਸਟ ਖੇਡ ਰਹੇ ਕੁਲਦੀਪ ਨੇ ਕਿਹਾ ਕਿ ਉਹ ਥੋੜ੍ਹੇ ਨਰਵਸ ਸਨ। ਉਨ੍ਹਾਂ ਨੇ ਸ਼ਨੀਵਾਰ ਨੂੰ ਕਿਹਾ, ”ਇਮਾਨਦਾਰੀ ਨਾਲ ਕਹਾਂ ਤਾਂ ਮੈਂ ਆਸਟਰੇਲੀਆ ‘ਚ ਗੇਂਦਬਾਜ਼ੀ ਕਰਨ ਲਈ ਕੁਝ ਵੀ ਬਦਲਾਅ ਨਹੀਂ ਕੀਤਾ ਹੈ। ਮੈਂ ਇਸ ਸੀਰੀਜ਼ ‘ਚ ਆਪਣਾ ਪਹਿਲਾ ਟੈਸਟ ਖੇਡ ਰਿਹਾ ਹਾਂ ਇਸ ਲਈ ਥੋੜ੍ਹਾ ਨਰਵਸ ਸੀ।” ਕੁਲਦੀਪ ਨੇ ਕਿਹਾ, ”ਮੈਂ ਇੰਨਾ ਕ੍ਰਿਕਟ ਖੇਡ ਚੁੱਕਾ ਹਾਂ ਕਿ ਮੈਨੂੰ ਠੀਕ ਠਾਕ ਜਾਣਕਾਰੀ ਹੈ ਪਰ ਟੈਸਟ ਕ੍ਰਿਕਟ ‘ਚ ਮੈਨੂੰ ਸ਼ਾਇਦ ਸੁਧਾਰ ਕਰਨ ਲਈ ਥੋੜ੍ਹੇ ਹੋਰ ਸਮੇਂ ਦੀ ਜ਼ਰੂਰਤ ਹੈ। ਤੁਸੀਂ ਜਿੰਨਾ ਜ਼ਿਆਦਾ ਲਾਲ ਗੇਂਦ ਨਾਲ ਖੇਡੋਗੇ, ਓਨਾ ਹੀ ਜ਼ਿਆਦਾ ਤੁਸੀਂ ਸੁਧਾਰ ਕਰ ਸਕਦੇ ਹੋ।” ਉਨ੍ਹਾਂ ਕਿਹਾ ਕਿ ਮੈਚ ‘ਚ ਖੇਡਣ ਦੇ ਤਜਰਬੇ ਦਾ ਕੋਈ ਦੂਜਾ ਬਦਲ ਨਹੀਂ ਹੋ ਸਕਦਾ, ਇਸੇ ਨਾਲ ਇਕ ਗੇਂਦਬਾਜ਼ ਦੇ ਪ੍ਰਦਰਸ਼ਨ ‘ਚ ਸੁਧਾਰ ਹੁੰਦਾ ਹੈ।

VIA PUNJAB