- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟੈਸਟ ਦਰਜਾਬੰਦੀ ਕੋਹਲੀ ਦੀ ਬਾਦਸ਼ਾਹਤ ਕਾਇਮ
ਭਾਰਤੀ ਕਪਤਾਨ ਵਿਰਾਟ ਕੋਹਲੀ ਅੱਜ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਤਾਜ਼ਾ ਦਰਜਾਬੰਦੀ ਵਿੱਚ ਬੱਲੇਬਾਜ਼ਾਂ ਦੀ ਸੂਚੀ ਵਿੱਚ ਮੁੜ ਪਹਿਲੇ ਨੰਬਰ ’ਤੇ ਪਹੁੰਚ ਗਿਆ। ਬੀਤੇ ਹਫ਼ਤੇ ਬੰਗਲਾਦੇਸ਼ ਖ਼ਿਲਾਫ਼ ਕੋਲਕਾਤਾ ਵਿੱਚ ਖੇਡੇ ਗਏ ਦਿਨ-ਰਾਤ ਟੈਸਟ ਵਿੱਚ 136 ਦੌੜਾਂ ਬਣਾਉਣ ਵਾਲੇ ਕੋਹਲੀ ਦੇ 928 ਅੰਕ ਹੋ ਗਏ ਹਨ। ਹੁਣ ਉਹ ਸਮਿੱਥ ਤੋਂ ਪੰਜ ਅੰਕ ਅੱਗੇ ਹੈ, ਜਿਸ ਨੇ ਪਾਕਿਸਤਾਨ ਖ਼ਿਲਾਫ਼ ਐਡੀਲੇਡ ਟੈਸਟ ਵਿੱਚ 36 ਦੌੜਾਂ ਬਣਾਈਆਂ ਸਨ। ਉਸ ਦੇ 931 ਤੋਂ ਘਟ ਕੇ 923 ਅੰਕ ਹੋ ਗਏ ਹਨ। ਚੇਤੇਸ਼ਵਰ ਪੁਜਾਰਾ ਨੇ ਚੌਥਾ ਸਥਾਨ ਬਰਕਰਾਰ ਰੱਖਿਆ ਹੈ, ਜਦਕਿ ਅਜਿੰਕਿਆ ਰਹਾਣੇ ਤਾਜ਼ਾ ਦਰਜਾਬੰਦੀ ਵਿੱਚ ਇੱਕ ਦਰਜਾ ਹੇਠਾਂ ਖਿਸਕ ਕੇ ਛੇਵੇਂ ਸਥਾਨ ’ਤੇ ਆ ਗਿਆ। ਗੇਂਦਬਾਜ਼ਾਂ ਵਿੱਚ ਜਸਪ੍ਰੀਤ ਬੁਮਰਾਹ ਪੰਜਵੇਂ ਸਥਾਨ ’ਤੇ ਹੈ, ਜੋ ਭਾਰਤੀ ਗੇਂਦਬਾਜ਼ ਵਿੱਚੋਂ ਸਭ ਤੋਂ ਅੱਗੇ ਹੈ। ਸੀਨੀਅਰ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਵੀ ਨੌਵਾਂ ਸਥਾਨ ਬਰਕਰਾਰ ਰੱਖਿਆ ਹੋਇਆ ਹੈ। ਮੁਹੰਮਦ ਸ਼ਮੀ ਇੱਕ ਦਰਜੇ ਦੇ ਫ਼ਾਇਦੇ ਨਾਲ ਦਸਵੇਂ ਸਥਾਨ ’ਤੇ ਪਹੁੰਚ ਗਿਆ। ਆਈਸੀਸੀ ਨੇ ਬਿਆਨ ਵਿੱਚ ਕਿਹਾ, “ਆਸਟਰੇਲੀਆ ਦਾ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨਾਬਾਦ 335 ਦੌੜਾਂ ਦੀ ਇਤਿਹਾਸਕ ਪਾਰੀ ਦੀ ਬਦੌਲਤ 12 ਦਰਜਿਆਂ ਦੇ ਫ਼ਾਇਦੇ ਨਾਲ 12ਵੇਂ ਸਥਾਨ ’ਤੇ ਪਹੁੰਚ ਗਿਆ, ਜਦਕਿ ਮਾਰਨਸ ਲਾਬੂਸ਼ਾਨੇ ਪਹਿਲੀ ਵਾਰ ਚੋਟੀ ਦੇ ਦਸ ਵਿੱਚ ਪਹੁੰਚਿਆ ਹੈ। ਉਹ ਇਸ ਸਾਲ ਦੇ ਸ਼ੁਰੂ ਵਿੱਚ 110ਵੇਂ ਨੰਬਰ ’ਤੇ ਸੀ।’’ ਲਾਬੂਸ਼ਾਨੇ ਆਪਣੀ ਸੈਂਕੜਾ ਪਾਰੀ ਕਾਰਨ ਛੇ ਦਰਜੇ ਅੱਗੇ ਅੱਠਵੇਂ ਸਥਾਨ ’ਤੇ ਪਹੁੰਚ ਗਿਆ ਹੈ। ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਇੱਕ ਹੋਰ ਆਸਟਰੇਲਿਆਈ ਖਿਡਾਰੀ ਹੈ, ਜਿਸ ਨੂੰ ਨਵੀਂ ਵਿਸ਼ਵ ਦਰਜਾਬੰਦੀ ਵਿੱਚ ਫ਼ਾਇਦਾ ਮਿਲਿਆ ਹੈ। ਐਡੀਲੇਡ ਟੈਸਟ ਵਿੱਚ ਸੱਤ ਵਿਕਟਾਂ ਲੈਣ ਕਾਰਨ ਉਹ ਚਾਰ ਦਰਜੇ ਉਪਰ 14ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਹ ਦਰਜਾਬੰਦੀ ਆਸਟਰੇਲੀਆ ਅਤੇ ਪਾਕਿਸਤਾਨ ਵਿਚਾਲੇ ਮੈਚ ਤੋਂ ਇਲਾਵਾ ਨਿਊਜ਼ੀਲੈਂਡ ਅਤੇ ਇੰਗਲੈਂਡ ਦਰਮਿਆਨ ਹੈਮਿਲਟਨ ਵਿੱਚ ਖ਼ਤਮ ਹੋਏ ਡਰਾਅ ਟੈਸਟ ਅਤੇ ਵੈਸਟ ਇੰਡੀਜ਼ ਦੀ ਲਖਨਊ ਵਿੱਚ ਅਫ਼ਗਾਨਿਸਤਾਨ ’ਤੇ ਨੌਂ ਵਿਕਟਾਂ ਨਾਲ ਜਿੱਤ ਵਾਲੇ ਮੈਚ ਮਗਰੋਂ ਤਿਆਰ ਕੀਤੀ ਗਈ ਹੈ।


