ਟੈਸਟ ਰੈਂਕਿੰਗ ਕੋਹਲੀ ਸਿਖ਼ਰ ’ਤੇ ਕਾਬਜ਼

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਲਈ 2018 ਉਪਲੱਬਧੀਆਂ ਭਰਿਆ ਸਾਲ ਰਿਹਾ ਅਤੇ ਇਨ੍ਹਾਂ ਦੋਹਾਂ ਨੇ ਸਾਲ ਦੇ ਅਖ਼ੀਰ ਵਿਚ ਆਈਸੀਸੀ ਟੈਸਟ ਖਿਡਾਰੀਆਂ ਦੀ ਰੈਂਕਿੰਗਜ਼ ’ਚ ਆਪਣਾ ਸਿਖ਼ਰਲਾ ਸਥਾਨ ਬਰਕਰਾਰ ਰੱਖਿਆ। ਕੋਹਲੀ ਨੂੰ ਆਸਟਰੇਲੀਆ ਖ਼ਿਲਾਫ਼ ਮੈਲਬਰਨ ਵਿੱਚ ਤੀਜੇ ਟੈਸਟ ਮੈਚ ’ਚ 82 ਦੌੜਾਂ ਦੀ ਪਾਰੀ ਖੇਡਣ ਦੇ ਬਾਵਜੂਦ ਤਿੰਨ ਅੰਕਾਂ ਦਾ ਨੁਕਸਾਨ ਹੋਇਆ ਹੈ ਪਰ ਇਸ ਦੇ ਬਾਵਜੂਦ ਉਸ ਨੇ ਆਪਣੇ ਨੇੜਲੇ ਵਿਰੋਧੀ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ’ਤੇ 34 ਅੰਕਾਂ ਦੀ ਬੜ੍ਹਤ ਬਣਾ ਕੇ ਰੱਖੀ ਹੈ। ਕੋਹਲੀ ਨੇ ਸਾਲ 2018 ਦੌਰਾਨ ਆਪਣੇ ਕਰੀਅਰ ’ਚ ਸਭ ਤੋਂ ਵੱਧ 937 ਰੇਟਿੰਗ ਅੰਕ ਹਾਸਲ ਕੀਤੇ ਸਨ ਜੋ ਕਿਸੇ ਭਾਰਤੀ ਬੱਲੇਬਾਜ਼ ਦਾ ਰਿਕਾਰਡ ਹੈ। ਉਸ ਨੇ ਇਸ ਸਾਲ ਟੈਸਟ ਮੈਚਾਂ ’ਚ ਕੁੱਲ 1322 ਦੌੜਾਂ ਬਣਾਈਆਂ। ਉਸ ਨੇ ਅਗਸਤ ਵਿੱਚ ਸਟੀਵਨ ਸਮਿੱਥ ਨੂੰ ਪਿੱਛੇ ਛੱਡਿਆ ਅਤੇ ਹੁਣ ਪਿਛਲੇ 135 ਦਿਨਾਂ ਤੋਂ ਸਿਖ਼ਰ ’ਤੇ ਹੈ। ਸਾਲ ਭਰ ਵਿਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਦੇ ਨਾਲ ਗੇਂਦਬਾਜ਼ੀ ਰੈਂਕਿੰਗ ’ਚ ਨੰਬਰ-1 ਲਈ ਦਿਲਚਸਪ ਜੰਗ ਲੜਨ ਵਾਲਾ ਰਬਾਡਾ ਹੁਣੇ ਆਪਣੇ ਇਸ ਨੇੜਲੇ ਵਿਰੋਧੀ ਤੋਂ ਸਿਰਫ਼ ਛੇ ਅੰਕ ਅੱਗੇ ਹੈ। ਸਿਖ਼ਰਲਾ ਸਥਾਨ ਹਾਸਲ ਕਰਨ ਵਾਲਾ ਸਭ ਤੋਂ ਨੌਜਵਾਨ ਤੇਜ਼ ਗੇਂਦਬਾਜ਼ ਬਣਿਆ ਰਬਾਦਾ ਇਸ ਸਾਲ 178 ਦਿਨ ਨੰਬਰ-1 ਦੇ ਸਥਾਨ ’ਤੇ ਰਿਹਾ। ਉਸ ਨੇ ਸੈਂਚੂਰੀਅਨ ’ਚ ਪਾਕਿਸਤਾਨ ਖ਼ਿਲਾਫ਼ ਪਹਿਲੇ ਮੈਚ ’ਚ ਛੇ ਵਿਕਟਾਂ ਲਈਆਂ ਸਨ। ਉਸ ਨੇ ਸਾਲ 2018 ’ਚ 10 ਮੈਚਾਂ ’ਚ 52 ਵਿਕਟਾਂ ਲਈਆਂ।

VIA PUNJAB